ਪੇਪਰ ਲੀਕ ਰੋਕਣ ਦੇ ਪ੍ਰਬੰਧਾਂ ਦੀ ਜਾਂਚ ਕਰੇਗਾ ਸੁਪਰੀਮ ਕੋਰਟ, ਜੱਜ ਐੱਨ. ਟੀ. ਏ. ਦਫ਼ਤਰ ਜਾਣਗੇ

Friday, Sep 18, 2026 - 08:40 PM (IST)

ਪੇਪਰ ਲੀਕ ਰੋਕਣ ਦੇ ਪ੍ਰਬੰਧਾਂ ਦੀ ਜਾਂਚ ਕਰੇਗਾ ਸੁਪਰੀਮ ਕੋਰਟ, ਜੱਜ ਐੱਨ. ਟੀ. ਏ. ਦਫ਼ਤਰ ਜਾਣਗੇ

ਨਵੀਂ ਦਿੱਲੀ,  (ਏਜੰਸੀ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੋੜ ਪੈਣ ’ਤੇ ਨੀਟ ਪ੍ਰੀਖਿਆ ਸਿਸਟਮ ਦੀ ਜਾਂਚ ਲਈ ਜੱਜ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਦੇ ਦਫ਼ਤਰ ਦਾ ਦੌਰਾ ਕਰਨਗੇ। ਉਹ ਦੇਖਣਗੇ ਕਿ ਪ੍ਰੀਖਿਆ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੇ ਪ੍ਰਬੰਧ ਅਸਲ ਵਿਚ ਕੰਮ ਕਰ ਰਹੇ ਹਨ ਜਾਂ ਨਹੀਂ। ਐੱਨ. ਟੀ. ਏ., ‘ਨੀਟ-ਯੂ. ਜੀ.’ ਆਯੋਜਿਤ ਕਰਵਾਉਂਦਾ ਹੈ ਅਤੇ ਵਾਰ-ਵਾਰ ਪ੍ਰਸ਼ਨ ਪੱਤਰ ਲੀਕ ਹੋਣ ਕਰ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ।

ਐੱਨ. ਟੀ. ਏ. ਨੇ ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੂੰ ਦੱਸਿਆ ਕਿ ਉਸ ਨੇ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਆਪਣੇ ਪੂਰੇ ਤੰਤਰ ਵਿਚ ਬਦਲਾਅ ਕੀਤਾ ਹੈ ਜਿਸ ਵਿਚ ਪ੍ਰਸ਼ਾਸਨਿਕ ਢਾਂਚੇ ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ, ਸਭ ਕੁਝ ਸ਼ਾਮਲ ਹੈ। ਜਸਟਿਸ ਨਰਸਿਮ੍ਹਾ ਨੇ ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਅਤੇ ਜਸਟਿਸ ਅਰਾਧੇ, ਪ੍ਰਣਾਲੀ ਦੀ ਜਾਂਚ ਕਰਨ ਲਈ ਐੱਨ. ਟੀ. ਏ. ਦੀ ਨਵੀਂ ਵਿਵਸਥਾ ਵਾਲੀ ਜਗ੍ਹਾ ਦਾ ਦੌਰਾ ਕਰਨਾ ਚਾਹੁਣਗੇ। ਬੈਂਚ ਨੇ ਮਹਿਤਾ ਨੂੰ ਕਿਹਾ ਕਿ ਵਾਰ-ਵਾਰ ਹੋਣ ਵਾਲੇ ਪ੍ਰਸ਼ਨ ਪੱਤਰ ਲੀਕ ਨੂੰ ਰੋਕਣ ਲਈ ਐੱਨ. ਟੀ. ਏ. ਦੀ ਪ੍ਰਣਾਲੀ ਨੂੰ ਸੰਸਥਾਗਤ ਤੌਰ ’ਤੇ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਸਿਰਫ਼ ਫੌਰੀ ਜਾਂ ਆਰਜ਼ੀ ਉਪਾਅ ਕਾਫ਼ੀ ਨਹੀਂ ਹੋਣਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਪ੍ਰਣਾਲੀ ਦਾ ਸਥਾਈ ਹੋਣਾ ਹੀ ਸਭ ਤੋਂ ਜ਼ਰੂਰੀ ਹੈ।

ਸੁਣਵਾਈ ਦੀ ਸ਼ੁਰੂਆਤ ਵਿਚ, ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਨੀਟ ਵਿਚ ਰਚਨਾਤਮਕ ਸੁਧਾਰਾਂ ਦਾ ਸੁਝਾਅ ਦੇਣ ਲਈ ਗਠਿਤ ਨੰਦਨ ਨੀਲੇਕਣੀ ਦੀ ਅਗਵਾਈ ਵਾਲੀ ਉੱਚ-ਪੱਧਰੀ ਕਮੇਟੀ ਨੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਉਹ ਸੰਭਵ ਤੌਰ ’ਤੇ ਇਸ ਮਹੀਨੇ ਦੇ ਅਖੀਰ ਤੱਕ ਆਪਣੀ ਪਹਿਲੀ ਅੰਤਰਿਮ ਰਿਪੋਰਟ ਸੌਂਪ ਦੇਵੇਗੀ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਸਾਰੇ ਸੁਝਾਅ ਕਮੇਟੀ ਦੇ ਸਾਹਮਣੇ ਰੱਖੇ ਗਏ ਹਨ ਅਤੇ ਕਮੇਟੀ ਨੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਸਾਬਕਾ ਚੇਅਰਮੈਨ ਕੇ. ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੀ ਪਹਿਲੀ ਕਮੇਟੀ ਦੇ ਮੈਂਬਰਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਹੈ।


author

Shubam Kumar

Content Editor

Related News