ਸਾਬਕਾ ਜੱਜ ਯਸ਼ਵੰਤ ਵਰਮਾ ਖ਼ਿਲਾਫ਼ ਸ਼ਿਕਾਇਤ, ਜਾਂਚ ਸੰਬੰਧੀ ਪਟੀਸ਼ਨ ''ਤੇ ਸੁਣਵਾਈ ਤੋਂ ਕੋਰਟ ਦਾ ਇਨਕਾਰ
Monday, Sep 21, 2026 - 04:04 PM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਹਾਈ ਕੋਰਟ ਨੇ ਸਾਬਕਾ ਜੱਜ ਯਸ਼ਵੰਤ ਵਰਮਾ ਦੇ ਘਰ ਅੱਗ ਲੱਗਣ ਮਗਰੋਂ ਵੱਡੀ ਮਾਤਰਾ 'ਚ ਨਕਦੀ ਮਿਲਣ ਦੇ ਮਾਮਲੇ 'ਚ ਐੱਫਆਈਆਰ ਦਰਜ ਕਰਨ ਅਤੇ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਅਪੀਲ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ।
ਜਸਟਿਸ ਅਮਿਤ ਬਾਂਸਲ ਨੇ ਪਟੀਸ਼ਨ ਨੂੰ "ਬਿਨਾਂ ਕਿਸੇ ਠੋਸ ਸਬੂਤ ਦੇ ਦੋਸ਼ ਲਗਾਉਣ ਦੀ ਪ੍ਰਕਿਰਿਆ" ਕਰਾਰ ਦਿੰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਅਤੇ ਵਕੀਲ ਘਣਸ਼ਿਆਮ ਉਪਾਧਿਆਏ ਕੋਲ ਕਾਨੂੰਨ ਦੇ ਤਹਿਤ ਹੋਰ ਵਿਕਲਪ ਉਪਲਬਧ ਸਨ। ਜੱਜ ਨੇ ਕਿਹਾ,"ਮੈਂ ਇਹ ਸੁਣਵਾਈ ਨਹੀਂ ਕਰ ਰਿਹਾ ਹਾਂ। ਇਹ ਬਿਨਾਂ ਕਿਸੇ ਠੋਸ ਸਬੂਤ ਦੇ ਦੋਸ਼ ਲਗਾਉਣ ਦੀ ਪ੍ਰਕਿਰਿਆ ਹੈ। ਕੀ ਤੁਹਾਡੇ ਕੋਲ ਕਰਨ ਲਈ ਕੁਝ ਬਿਹਤਰ ਨਹੀਂ ਹੈ?"
ਸੁਣਵਾਈ ਦੌਰਾਨ ਅਦਾਲਤ ਨੇ ਪਟੀਸ਼ਨਕਰਤਾ ਦੇ ਪਟੀਸ਼ਨ ਦਾਇਰ ਕਰਨ ਦੇ ਕਾਨੂੰਨੀ ਅਧਿਕਾਰ 'ਤੇ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਉਨ੍ਹਾਂ ਨੇ ਐੱਫਆਈਆਰ ਦਰਜ ਕਰਨ ਦੀ ਬੇਨਤੀ ਕਰਨ ਵਾਲੀ ਅਧੀਨ ਅਦਾਲਤ ਕੋਲ ਕਿਉਂ ਨਹੀਂ ਪਹੁੰਚ ਕੀਤੀ। ਪਟੀਸ਼ਨਕਰਤਾ ਨੇ ਕਿਹਾ ਕਿ ਇਹ ਘਟਨਾ "ਅਸਾਧਾਰਨ" ਸੀ ਅਤੇ ਅਧੀਨ ਅਦਾਲਤ "ਇਸ ਮਾਮਲੇ ਨਾਲ ਇਨਸਾਫ ਨਹੀਂ ਕਰ ਸਕਦੀ।"
ਉਨ੍ਹਾਂ ਕਿਹਾ, "ਇਹ ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਤ ਮਾਮਲਾ ਹੈ। ਕੋਈ ਵੀ ਅਪਰਾਧਿਕ ਕਾਰਵਾਈ ਸ਼ੁਰੂ ਕਰ ਸਕਦਾ ਹੈ। ਇਸ 'ਚ ਕੋਈ ਰੋਕ ਨਹੀਂ ਹੈ।" ਅਦਾਲਤ ਵੱਲੋਂ ਪਟੀਸ਼ਨ ਖਾਰਜ ਕਰਨ ਦੇ ਸੰਕੇਤ ਦੇਣ ਤੋਂ ਬਾਅਦ ਪਟੀਸ਼ਨਕਰਤਾ ਨੇ ਕਾਨੂੰਨ ਅਧੀਨ ਉਪਲਬਧ ਹੋਰ ਉਪਾਵਾਂ 'ਤੇ ਵਿਚਾਰ ਕਰਨ ਲਈ ਆਪਣੀ ਪਟੀਸ਼ਨ ਵਾਪਸ ਲੈ ਲਈ। ਪਟੀਸ਼ਨਕਰਤਾ ਨੇ ਪਹਿਲਾਂ ਵੀ ਇਸੇ ਬੇਨਤੀ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪਰ ਅਗਸਤ 'ਚ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।
ਲੁਟੀਅਨਜ਼ ਦਿੱਲੀ ਸਥਿਤ ਵਰਮਾ ਦੇ ਘਰ 'ਚ 14 ਮਾਰਚ 2025 ਨੂੰ ਹੋਲੀ ਦੀ ਰਾਤ ਨੂੰ ਲਗਭਗ 11:35 ਵਜੇ ਅੱਗ ਲੱਗਣ ਤੋਂ ਬਾਅਦ ਵੱਡੀ ਰਕਮ ਨਕਦੀ ਮਿਲੀ ਸੀ। ਵਰਮਾ ਉਸ ਸਮੇਂ ਦਿੱਲੀ ਹਾਈ ਕੋਰਟ ਦੇ ਜੱਜ ਸਨ। ਨਕਦੀ ਦੀ ਖੋਜ ਨੇ ਇਕ ਵੱਡਾ ਵਿਵਾਦ ਪੈਦਾ ਕਰ ਦਿੱਤਾ ਅਤੇ ਵਰਮਾ ਨੂੰ ਬਾਅਦ 'ਚ ਉਨ੍ਹਾਂ ਦੀ ਮੂਲ ਅਦਾਲਤ ਇਲਾਹਾਬਾਦ ਹਾਈ ਕੋਰਟ 'ਚ ਤਬਦੀਲ ਕਰ ਦਿੱਤਾ ਗਿਆ। ਮਹਾਂਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਵਰਮਾ ਨੇ ਇਸ ਸਾਲ 9 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਦੇ ਅਸਤੀਫ਼ੇ ਨਾਲ ਲੋਕ ਸਭਾ ਦੀ ਹਟਾਉਣ ਦੀ ਕਾਰਵਾਈ ਬੇਅਸਰ ਹੋ ਗਈ। ਵਰਮਾ 5 ਜਨਵਰੀ 2031 ਨੂੰ ਸੇਵਾਮੁਕਤ ਹੋਣ ਵਾਲੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
