ਕੋਲੇਜੀਅਮ ਨੇ ਕੀਤੀ ਗਵਈ ਅਤੇ ਸੂਰੀਆਕਾਂਤ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਿਸ਼
Thursday, May 09, 2019 - 11:53 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਜੱਜ ਬੀ.ਆਰ. ਗਵਈ ਅਤੇ ਜੱਜ ਸੂਰੀਆਕਾਂਤ ਨੂੰ ਪ੍ਰਮੋਟ ਕਰ ਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਹੈ। ਜੱਜ ਗਵਈ ਫਿਲਹਾਲ ਬੰਬਈ ਹਾਈ ਕੋਰਟ 'ਚ ਜੱਜ ਹਨ, ਜਦੋਂ ਕਿ ਜੱਜ ਸੂਰੀਆਕਾਂਤ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਹਨ।
ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਡੇਟ ਕੀਤੀ ਗਈ ਸਿਫ਼ਾਰਿਸ਼ ਅਨੁਸਾਰ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਕੋਲੇਜੀਅਮ ਨੇ ਬੁੱਧਵਾਰ ਨੂੰ ਹੋਈ ਬੈਠਕ 'ਚ 2 ਲੋਕਾਂ ਨੂੰ ਸੁਪਰੀਮ ਕੋਰਟ ਭੇਜਣ ਦੀ ਸਿਫ਼ਾਰਿਸ਼ ਕੀਤੀ। ਸੁਪਰੀਮ ਕੋਰਟ 'ਚ ਜੱਜਾਂ ਦੇ 31 ਅਹੁਦੇ ਮਨਜ਼ੂਰ ਹਨ। ਫਿਲਹਾਲ ਅਦਾਲਤ 'ਚ 27 ਜੱਜ ਹਨ।
ਜੱਜ ਭੂਸ਼ਣ ਰਾਮਕ੍ਰਿਸ਼ਨ ਗਵਈ ਨੂੰ 14 ਨਵੰਬਰ 2003 ਨੂੰ ਬੰਬਈ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਇਸ ਅਹੁਦੇ 'ਤੇ ਤਾਇਨਾਤ ਹਨ। ਉੱਥੇ ਹੀ ਜੱਜ ਸੂਰੀਆ ਕਾਂਤ ਨੂੰ 9 ਜਨਵਰੀ 2004 ਨੂੰ ਪੰਜਾਬ ਅਤੇ ਹਰਿਆਣਾ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 5 ਅਕਤੂਬਰ 2018 ਨੂੰ ਹਿਮਾਚਲ ਪ੍ਰਦੇਸ਼ ਦਾ ਮੁੱਖ ਜੱਜ ਬਣਾਇਆ ਗਿਆ ਸੀ।