ਸੁਪਰੀਮ ਕੋਰਟ ਨੇ ਨਾਰਾਇਣ ਸਾਈਂ ਨੂੰ 2 ਹਫ਼ਤਿਆਂ ਦੀ ਛੁੱਟੀ ਦੇਣ ਦੇ ਆਦੇਸ਼ ''ਤੇ ਲਗਾਈ ਰੋਕ
Thursday, Aug 12, 2021 - 12:59 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਦੇ ਪੁੱਤਰ ਨਾਰਾਇਣ ਸਾਈਂ ਨੂੰ 2 ਹਫ਼ਤਿਆਂ ਦੀ ਛੁੱਟੀ ਦੇਣ ਦੇ ਗੁਜਰਾਤ ਹਾਈ ਕੋਰਟ ਦੇ ਆਦੇਸ਼ 'ਤੇ ਵੀਰਵਾਰ ਨੂੰ ਰੋਕ ਲਗਾ ਦਿੱਤੀ। ਨਾਰਾਇਣ ਸਾਈਂ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਦੋਸ਼ੀ ਹੈ। ਜੱਜ ਡੀ.ਵਾਈ. ਚੰਦਰਚੂੜ ਅਤੇ ਜੱਜ ਐੱਮ.ਆਰ. ਸ਼ਾਹ ਦੀ ਬੈਂਚ ਨੇ ਗੁਜਰਾਤ ਸਰਕਾਰ ਦੀ ਪਟੀਸ਼ਨ 'ਤੇ ਨਾਰਾਇਣ ਸਾਈਂ ਨੂੰ ਨੋਟਿਸ ਦਿੱਤਾ। ਇਸ ਪਟੀਸ਼ਨ 'ਚ ਹਾਈ ਕੋਰਟ ਦੀ ਏਕਲ ਬੈਂਚ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਮਾਮਲੇ 'ਤੇ ਸੁਣਵਾਈ ਲਈ 2 ਹਫ਼ਤਿਆਂ ਬਾਅਦ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ : ਕਿੰਨੌਰ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 13, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ
ਗੁਜਰਾਤ ਹਾਈ ਕੋਰਟ ਦੀ ਏਕਲ ਬੈਂਚ ਨੇ 24 ਜੂਨ ਨੂੰ ਨਾਰਾਇਣ ਸਾਈਂ ਨੂੰ ਛੁੱਟੀ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਦਸੰਬਰ 2020 'ਚ ਹਾਈ ਕੋਰਟ ਨੇ ਸਾਈਂ ਦੀ ਮਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਛੁੱਟੀ ਦਿੱਤੀ ਸੀ। ਸੂਰਤ ਦੀ ਇਕ ਅਦਾਲਤ ਨੇ ਨਾਰਾਇਣ ਸਾਈਂ ਨੂੰ 26 ਅਪ੍ਰੈਲ 2019 ਨੂੰ ਆਈ.ਪੀ.ਸੀ. ਦੀ ਧਾਰਾ 376 (ਜਬਰ ਜ਼ਿਨਾਹ), 377 (ਗੈਰ-ਕੁਦਰਤੀ ਅਪਰਾਧ), 323 (ਹਮਲਾ), 506-2 (ਅਪਰਾਧਿਕ ਧਮਕੀ) ਅਤੇ 120-ਬੀ (ਯੋਜਨਾ) ਦੇ ਅਧੀਨ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਈਂ ਨੂੰ ਉਸ ਦੀ ਅਤੇ ਉਸ ਦੇ ਪਿਤਾ ਆਸਾਰਾਮ ਦੀ ਪੈਰੋਕਾਰ ਵਲੋਂ ਦਾਇਰ ਜਬਰ ਜ਼ਿਨਾਹ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪੀੜਤਾ ਦੀ ਭੈਣ ਨੇ ਆਸਾਰਾਮ ਵਿਰੁੱਧ ਜਬਰ ਜ਼ਿਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ