ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ

Monday, Apr 08, 2019 - 11:33 AM (IST)

ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਜਾਂਚ ਬਿਊਰੋ ਨੂੰ 1984 ਸਿੱਖ ਵਿਰੋਧੀ ਦੰਗੇ ਦੇ ਸਿਲਸਿਲੇ 'ਚ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਵਿਰੁੱਧ ਚੱਲ ਰਹੇ ਮੁਕੱਦਮੇ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ ਇਕ ਹੋਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਸ ਸਾਬਕਾ ਸੰਸਦ ਮੈਂਬਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 15 ਅਪ੍ਰੈਲ ਲਈ ਸੂਚੀਬੱਧ ਕਰ ਦਿੱਤੀ। ਜਸਟਿਸ ਐੱਸ.ਏ. ਬੋਬੜੇ ਅਤੇ ਜਸਟਿਸ ਐੱਸ. ਅਬਦੁੱਲ ਨਜੀਰ ਦੀ ਬੈਂਚ ਨੂੰ ਸੀ.ਬੀ.ਆਈ. ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ 1984 'ਚ ਰਾਜਧਾਨੀ 'ਚ ਸਿੱਖਾਂ ਦੇ ਕਤਲੇਆਮ ਦਾ 'ਮੁੱਖ ਸਾਜਿਸ਼ਕਰਤਾ' ਸੀ। ਜਾਂਚ ਬਿਊਰੋ ਵਲੋਂ ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਦੀ ਬੈਂਚ ਨੇ ਕਿਹਾ,''ਸਿੱਖਾਂ ਦਾ ਕਤਲੇਆਮ ਇਕ ਭਿਆਨਕ ਅਪਰਾਧ ਸੀ। ਉਹ (ਕੁਮਾਰ) ਨੇਤਾ ਸੀ ਅਤੇ ਇਸ ਦਾ ਸਰਗਨਾ ਸੀ।'' ਉਨ੍ਹਾਂ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਇਹ ਨਿਆਂ ਦਾ ਮਜ਼ਾਕ ਹੋਵੇਗਾ, ਕਿਉਂਕਿ 1984 ਦੇ ਸਿੱਖ ਵਿਰੋਧੀ ਦੰਗੇ ਨਾਲ ਸੰਬੰਧਤ ਇਕ ਹੋਰ ਮਾਮਲੇ 'ਚ ਪਟਿਆਲਾ ਹਾਊਸ ਦੀ ਕੋਰਟ 'ਚ ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਇਸ 'ਤੇ ਬੈਂਚ ਨੇ ਕਿਹਾ ਕਿ ਉਹ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ 15 ਅਪ੍ਰੈਲ ਨੂੰ ਸੁਣਵਾਈ ਕਰੇਗੀ।

ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਇਕ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 17 ਦਸੰਬਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰਟ ਦੇ ਆਦੇਸ਼ 'ਤੇ ਸੱਜਣ ਕੁਮਾਰ ਨੇ 31 ਦਸੰਬਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਹਾਈ ਕੋਰਟ ਨੇ 73 ਸਾਲਾ ਸੱਜਣ ਕੁਮਾਰ ਨੂੰ ਇਕ ਅਤੇ 2 ਨਵੰਬਰ 1984 ਦੀ ਰਾਤ ਦੱਖਣੀ ਪੱਛਮੀ ਦਿੱਲੀ ਦੇ ਰਾਜ ਨਗਰ ਪਾਰਟ-1 'ਚ 5 ਸਿੱਖਾਂ ਨੂੰ ਜਿਉਂਦੇ ਸਾੜਨ ਅਤੇ ਰਾਜ ਨਗਰ ਪਾਰਟ-2 'ਚ ਇਕ ਗੁਰਦੁਆਰੇ 'ਚ ਅੱਗ ਲਗਾਉਣ ਦੀ ਘਟਨਾ ਨਾਲ ਸੰਬੰਧਤ ਮਾਮਲੇ ਦੀ ਸਜ਼ਾ ਸੁਣਾਈ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ 'ਚ ਇਕੱਲੇ ਦਿੱਲੀ 'ਚ ਹੀ 2700 ਤੋਂ ਵਧ ਮਾਰੇ ਗਏ ਸਨ। ਸੀ.ਬੀ.ਆਈ. ਨੇ ਹਾਲ ਹੀ 'ਚ ਸੁਪਰੀਮ ਕੋਰਟ 'ਚ ਸੱਜਣ ਕੁਮਾਰ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਕਾਫੀ ਸਿਆਸੀ ਰਸੂਖ ਹੈ ਅਤੇ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ 'ਚ ਸਮਰੱਥ ਹਨ। ਇਸ ਨਾਲ ਕੋਰਟ 'ਚ ਪੈਂਡਿੰਗ ਇਕ ਹੋਰ ਮਾਮਲੇ ਦੀ ਆਜ਼ਾਦ ਅਤੇ ਨਿਰਪੱਖ ਸੁਣਵਾਈ ਪ੍ਰਭਾਵਿਤ ਹੋ ਸਕਦੀ ਹੈ।


author

DIsha

Content Editor

Related News