ਨਾਸਿਕ ਦੀ ਦਰਗਾਹ ਢਾਹੁਣ ਦੇ ਨੋਟਿਸ ’ਤੇ ਸੁਪਰੀਮ ਕੋਰਟ ਦੀ ਰੋਕ
Saturday, Apr 19, 2025 - 12:06 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਹਜ਼ਰਤ ਸਾਤਪੀਰ ਸਈਦ ਬਾਬਾ ਦਰਗਾਹ ਨੂੰ ਢਾਹੁਣ ਸਬੰਧੀ ਨਾਸਿਕ ਨਗਰ ਨਿਗਮ ਦੇ ਨੋਟਿਸ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ ਅਤੇ ਦਰਗਾਹ ਦੀ ਪਟੀਸ਼ਨ ਨੂੰ ਸੂਚੀਬੱਧ ਨਾ ਕਰਨ ’ਤੇ ਬੰਬੇ ਹਾਈ ਕੋਰਟ ਤੋਂ ਰਿਪੋਰਟ ਮੰਗੀ ਹੈ। ਸੂਤਰਾਂ ਨੇ ਦੱਸਿਆ ਕਿ ਅਦਾਲਤ ਦੀ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਨਗਰ ਨਿਗਮ ਦੇ ਕਰਮਚਾਰੀਆਂ ਨੇ ਇਸ ਢਾਂਚੇ ਨੂੰ ਢਾਹ ਦਿੱਤਾ ਸੀ। ਨਾਸਿਕ ਦੇ ਕਾਠੇ ਗਲੀ ਵਿਚ ਸਥਿਤ ਦਰਗਾਹ ਵਿਰੁੱਧ ਨਗਰ ਨਿਗਮ ਦੀ ਕਾਰਵਾਈ ਕਥਿਤ ਤੌਰ ’ਤੇ 15 ਅਤੇ 16 ਅਪ੍ਰੈਲ ਦੀ ਅੱਧੀ ਰਾਤ ਨੂੰ ਕੀਤੀ ਗਈ ਸੀ।
ਜਸਟਿਸ ਪੀ. ਐੱਸ. ਨਰਸਿਮਹਾ ਅਤੇ ਜਸਟਿਸ ਜਾਯਮਾਲਾ ਬਾਗਚੀ ਦੀ ਬੈਂਚ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਪਟੀਸ਼ਨ 7 ਅਪ੍ਰੈਲ ਨੂੰ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਸੀ ਪਰ ਉਸ ’ਤੇ ਸੁਣਵਾਈ ਨਹੀਂ ਹੋਈ। ਬੈਂਚ ਨੇ ਹੁਕਮ ਦਿੱਤਾ ਕਿ ਇਸ ਦੌਰਾਨ ਜਿਵੇਂ ਕਿ ਅਪੀਲ ਕੀਤੀ ਗਈ ਹੈ, ਪ੍ਰਤੀਵਾਦੀ ਨੰਬਰ 1-ਨਾਸਿਕ ਨਗਰ ਨਿਗਮ ਵੱਲੋਂ ਜਾਰੀ 1 ਅਪ੍ਰੈਲ, 2025 ਦੇ ਨੋਟਿਸ ’ਤੇ ਰੋਕ ਰਹੇਗੀ। ਬੈਂਚ ਨੇ ਮਾਮਲੇ ਦੀ ਸੁਣਵਾਈ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ।