ਸੁਪਰੀਮ ਕੋਰਟ ’ਚ ਪੁਲਸ ਦਾ ਹਲਫਨਾਮਾ: ਦਿੱਲੀ ਦੰਗਿਆਂ ਜ਼ਰੀਏ ਦੇਸ਼ ’ਚ ਸੱਤਾ ਤਬਦੀਲੀ ਦੀ ਸੀ ਸਾਜ਼ਿਸ਼

Friday, Oct 31, 2025 - 08:07 AM (IST)

ਸੁਪਰੀਮ ਕੋਰਟ ’ਚ ਪੁਲਸ ਦਾ ਹਲਫਨਾਮਾ: ਦਿੱਲੀ ਦੰਗਿਆਂ ਜ਼ਰੀਏ ਦੇਸ਼ ’ਚ ਸੱਤਾ ਤਬਦੀਲੀ ਦੀ ਸੀ ਸਾਜ਼ਿਸ਼

ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਨੇ ਫਰਵਰੀ 2020 ’ਚ ਦਿੱਲੀ ’ਚ ਹੋਏ ਦੰਗਿਆਂ ਦੀ ਕਥਿਤ ਸਾਜ਼ਿਸ਼ ਨਾਲ ਸਬੰਧਤ ਯੂ. ਏ. ਪੀ. ਏ. ਮਾਮਲੇ ’ਚ ਕਾਰਕੁੰਨਾਂ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਹੋਰਨਾਂ ਦੀਆਂ ਜ਼ਮਾਨਤ ਪਟੀਸ਼ਨਾਂ ਦਾ ਵੀਰਵਾਰ ਨੂੰ ਸੁਪਰੀਮ ਕੋਰਟ ’ਚ ਵਿਰੋਧ ਕੀਤਾ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਆੜ ’ਚ ‘ਸੱਤਾ ਤਬਦੀਲੀ ਮੁਹਿੰਮ’ (ਰਿਜੀਮ ਚੇਂਜ ਆਪ੍ਰੇਸ਼ਨ) ਜ਼ਰੀਏ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ। ਦਿੱਲੀ ਪੁਲਸ ਨੇ ਵੀਰਵਾਰ ਨੂੰ ਦਾਖਲ ਕੀਤੇ ਇਕ ਹਲਫਨਾਮੇ ’ਚ ਤਰਕ ਦਿੱਤਾ ਕਿ ਕਥਿਤ ਅਪਰਾਧਾਂ ’ਚ ਦੇਸ਼ ਨੂੰ ਅਸਥਿਰ ਕਰਨ ਦੀ ਜਾਣ-ਬੁੱਝ ਕੇ ਕੀਤੀ ਗਈ ਕੋਸ਼ਿਸ਼ ਸ਼ਾਮਲ ਹੈ, ਜਿਸ ਲਈ ‘ਜ਼ਮਾਨਤ ਨਹੀਂ ਸਗੋਂ ਜੇਲ੍ਹ’ ਉਚਿਤ ਹੈ। 

ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ: 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਪੁਲਸ ਨੇ ਕਿਹਾ ਕਿ ਉਸ ਨੇ ਮੁਲਜ਼ਮਾਂ ਖ਼ਿਲਾਫ਼ ਪ੍ਰਤੱਖ, ਦਸਤਾਵੇਜ਼ੀ ਅਤੇ ਤਕਨੀਕੀ ਸਬੂਤ ਇਕੱਠੇ ਕੀਤੇ ਹਨ, ਜੋ ਫਿਰਕੂ ਆਧਾਰ ’ਤੇ ਦੇਸ਼-ਪੱਧਰੀ ਦੰਗਿਆਂ ਨੂੰ ਅੰਜਾਮ ਦੇਣ ’ਚ ਉਨ੍ਹਾਂ ਦੀ ਡੂੰਘੀ ਅਤੇ ਸੰਗਠਿਤ ਸ਼ਮੂਲੀਅਤ ਨੂੰ ਦਰਸਾਉਂਦੇ ਹਨ। ਖਾਲਿਦ, ਇਮਾਮ ਅਤੇ ਹੋਰਨਾਂ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਸ਼ੁੱਕਰਵਾਰ ਨੂੰ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ. ਵੀ. ਅੰਜਾਰੀਆ ਦੀ ਬੈਂਚ ਦੇ ਸਾਹਮਣੇ ਸੁਣਵਾਈ ਹੋਣੀ ਹੈ। ਖਾਲਿਦ, ਇਮਾਮ ਅਤੇ ਬਾਕੀ ਮੁਲਜ਼ਮਾਂ ’ਤੇ ਫਰਵਰੀ 2020 ਦੇ ਦੰਗਿਆਂ ਦੇ ਕਥਿਤ ਮਾਸਟਰਮਾਈਂਡ ਹੋਣ ਦੇ ਦੋਸ਼ ’ਚ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਕਾਨੂੰਨ (ਯੂ . ਏ. ਪੀ. ਏ.) ਅਤੇ ਤਤਕਾਲੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਪੜ੍ਹੋ ਇਹ ਵੀ : ਸਾਬਕਾ CM ਚੰਨੀ 'ਤੇ ਵਰ੍ਹੇ PM ਮੋਦੀ, ਸਟੇਜ ਤੋਂ ਕਹਿ 'ਤੀ ਵੱਡੀ ਗੱਲ (ਵੀਡੀਓ)

ਨਾਗਰਿਕਤਾ (ਸੋਧ) ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਵਿਰੋਧ ’ਚ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਭੜਕ ਗਈ ਸੀ। ਹਲਫਨਾਮੇ ’ਚ ਕਿਹਾ ਗਿਆ ਹੈ, ‘‘ਪਟੀਸ਼ਨਕਰਤਾ ਵੱਲੋਂ ਰਚੀ ਗਈ ਅਤੇ ਅੰਜਾਮ ਦਿੱਤੀ ਗਈ ਸਾਜ਼ਿਸ਼ ਦਾ ਮਕਸਦ ਫਿਰਕੂ ਸਦਭਾਵਨਾ ਨੂੰ ਖਤਮ ਕਰ ਕੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ’ਤੇ ਵਾਰ ਕਰਨਾ ਸੀ; ਭੀੜ ਨੂੰ ਨਾ ਸਿਰਫ ਜਨਤਕ ਸ਼ਾਂਤੀ ਨੂੰ ਭੰਗ ਕਰਨ ਲਈ ਉਕਸਾਉਣਾ ਸੀ, ਸਗੋਂ ਉਨ੍ਹਾਂ ਨੂੰ ਹਥਿਆਰਬੰਦ ਬਗ਼ਾਵਤ ਲਈ ਭੜਕਾਉਣਾ ਵੀ ਸੀ।” ਦਿੱਲੀ ਪੁਲਸ ਨੇ ਕਿਹਾ ਕਿ ਮੁਲਜ਼ਮਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਫਿਰਕੂ ਤਣਾਅ ਭੜਕਾਉਣ ਦੀ ਸਾਜ਼ਿਸ਼ ਰਚੀ ਤਾਂ ਜੋ ਅੰਤਰਰਾਸ਼ਟਰੀ ਮੀਡੀਆ ਦਾ ਧਿਆਨ ਖਿੱਚਿਆ ਜਾ ਸਕੇ ਅਤੇ ਸੀ. ਏ. ਏ. ਦੇ ਮੁੱਦੇ ਨੂੰ ਗਲੋਬਲ ਬਣਾਇਆ ਜਾ ਸਕੇ।

ਪੜ੍ਹੋ ਇਹ ਵੀ : 'ਸਿਰਫ਼ ਡਾਕਟਰ ਹੀ ਨਹੀਂ, ਪਤਨੀ ਵੀ...', Cough Syrup Case 'ਚ ਨਵਾਂ ਖੁਲਾਸਾ, ਮਚੀ ਹਫ਼ੜਾ-ਦਫ਼ੜੀ

ਦੰਗਿਆਂ ’ਚ ਮਾਰੇ ਗਏ ਸਨ 53 ਲੋਕ
ਦਿੱਲੀ ਦੰਗਿਆਂ ’ਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖ਼ਮੀ ਹੋਏ ਸਨ। ਦਿੱਲੀ ਪੁਲਸ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਜ਼ਿਸ਼ ਨੂੰ ਪੂਰੇ ਭਾਰਤ ’ਚ ਦੋਹਰਾਉਣ ਅਤੇ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਦਿੱਲੀ ਪੁਲਸ ਨੇ ਉਨ੍ਹਾਂ ’ਤੇ ਜਾਣ-ਬੁੱਝ ਕੇ ਮੁਕੱਦਮੇ ’ਚ ਦੇਰੀ ਕਰਨ ਦਾ ਵੀ ਦੋਸ਼ ਲਾਇਆ। ਹਲਫਨਾਮੇ ’ਚ ਕਿਹਾ ਗਿਆ ਹੈ, ‘‘ਦਸਤਾਵੇਜ਼ਾਂ ਅਤੇ ਰਿਕਾਰਡ ’ਚ ਮੌਜੂਦ ਸਮੱਗਰੀ ਬੇਸ਼ੱਕ ਇਹ ਸਾਬਤ ਕਰਦੀ ਹੈ ਕਿ ਇਹ ਸਾਜ਼ਿਸ਼ ਸੋਚੀ-ਸਮਝੀ ਸੀ।”

ਪੜ੍ਹੋ ਇਹ ਵੀ : ਵੱਡੀ ਖ਼ਬਰ: ਨਿਰਮਲਾ ਸੀਤਾਰਮਨ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਘਟਨਾ ਸਮੇਂ ਭੂਟਾਨ ਜਾ ਰਹੇ ਸਨ ਵਿੱਤ ਮੰਤਰੀ


author

rajwinder kaur

Content Editor

Related News