ਮੁਖਤਾਰ ਅੰਸਾਰੀ ਦੀ ਪਤਨੀ ਦੀ ਪਟੀਸ਼ਨ ''ਤੇ ਸੁਣਵਾਈ ਟਲੀ
Saturday, Apr 10, 2021 - 11:21 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬਹੁਜਨ ਸਮਾਜ ਪਾਰਟੀ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਂ ਅੰਸਾਰੀ ਦੀ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਨੂੰ 2 ਹਫ਼ਤਿਆਂ ਲਈ ਟਾਲ ਦਿੱਤੀ। ਮਾਣਯੋਗ ਜੱਜ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ.ਸੁਭਾਸ਼ ਰੈੱਡੀ 'ਤੇ ਆਧਾਰਤ ਬੈਂਚ ਨੂੰ ਦੱਸਿਆ ਗਿਆ ਕਿ ਕਿਉਂਕਿ ਸੂਬੇ ਦੇ ਸਰਕਾਰੀ ਵਕੀਲਾਂ ਨੂੰ ਬਦਲ ਦਿੱਤਾ ਗਿਆ ਹੈ, ਇਸ ਲਈ ਇਸ ਸਬੰਧੀ ਸੁਣਵਾਈ ਟਾਲਣ ਦੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬੇਨਤੀ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ 2 ਹਫਤਿਆਂ ਲਈ ਟਾਲਣ ਦੀ ਬੇਨਤੀ ਕੀਤੇ ਜਾਣ ਪਿੱਛੋਂ ਅਦਾਲਤ ਨੇ ਉਸ ’ਤੇ ਸਹਿਮਤੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਪਹੁੰਚਦਿਆਂ ਹੀ ਠੀਕ ਹੋਇਆ ਮੁਖਤਾਰ ਅੰਸਾਰੀ, ਵ੍ਹੀਲ ਚੇਅਰ 'ਤੋਂ ਉੱਠ ਪੈਦਲ ਪਹੁੰਚਿਆ ਬੈਰਕ
ਅਫਸ਼ਾਂ ਅੰਸਾਰੀ ਨੇ ਆਪਣੀ ਪਟੀਸ਼ਨ ’ਚ ਸਰਕਾਰੀ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਦਾ ਜੀਵਨ ਸੁਰੱਖਿਅਤ ਰਹੇ ਅਤੇ ਉਤਰ ਪ੍ਰਦੇਸ਼ ’ਚ ਸਭ ਮਾਮਲਿਆਂ ਦੀ ਸੁਣਵਾਈ ਦੌਰਾਨ ਧਾਰਾ-21 ਅਧੀਨ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ। ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਉੱਤਰ ਪ੍ਰਦੇਸ਼ ’ਚ ਨਿੱਜੀ ਤੌਰ ’ਤੇ ਮੁਕੱਦਮੇ ’ਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਪਤੀ ਦਾ ਜੀਵਨ ਲਗਾਤਾਰ ਖ਼ਤਰੇ ’ਚ ਰਹਿਣ ਦਾ ਡਰ ਹੈ। ਅਜਿਹੀ ਹਾਲਤ ’ਚ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਜਦੋਂ ਮੁਖਤਾਰ ਅੰਸਾਰੀ ਨੂੰ ਇਕ ਜੇਲ ਤੋਂ ਦੂਜੀ ਜੇਲ ’ਚ ਤਬਦੀਲ ਕੀਤਾ ਜਾਵੇ ਜਾਂ ਉੱਤਰ ਪ੍ਰਦੇਸ਼ ’ਚ ਕਿਸੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਸੀ.ਆਰ.ਪੀ.ਐੱਫ ਅਤੇ ਬੀ.ਐੱਸ.ਐੱਫ. ਵਰਗੀਆਂ ਕੇਂਦਰੀ ਫੋਰਸਾਂ ਦੀ ਮੌਜੂਦਗੀ ’ਚ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ‘ਮੁਖਤਾਰ ਅੰਸਾਰੀ ਤੋਂ ਬਾਅਦ ਹੁਣ ਅਤੀਕ ਦੀ ਵਾਰੀ, ਯੋਗੀ ਸਰਕਾਰ ਗੁਜਰਾਤ ਤੋਂ ਲਿਆਵੇਗੀ UP’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ