ਇਤਾਲਵੀ ਮਲਾਹਾਂ ਦਾ ਮਾਮਲਾ ਬੰਦ ਕਰਨ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਸੁਣੇਗਾ ਸੁਪਰੀਮ ਕੋਰਟ

8/7/2020 6:00:31 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਫਰਵਰੀ 2012 'ਚ ਕੇਰਲ ਤੱਟ ਤੋਂ ਦੂਰ 2 ਭਾਰਤੀ ਮਛੇਰਿਆਂ ਨੂੰ ਗੋਲੀ ਮਾਰਨ ਦੇ ਦੋਸ਼ੀ 2 ਇਤਾਲਵੀ ਮਲਾਹਾਂ ਦੇ ਮਾਮਲੇ ਨੂੰ ਬੰਦ ਕਰਨ ਦੀ ਉਸ ਦੀ ਅਰਜ਼ੀ 'ਤੇ ਪੀੜਤ ਪਰਿਵਾਰਾਂ ਦਾ ਪੱਖ ਸੁਣੇ ਬਿਨਾਂ ਕੋਈ ਆਦੇਸ਼ ਨਹੀਂ ਦੇਵੇਗਾ, ਜਿਨ੍ਹਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਚੀਫ਼ ਜਸਟਿਸ ਐੱਸ.ਏ. ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਾਸੁਬਰਮਣੀਅਮ ਦੀ ਬੈਂਚ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਕੇਂਦਰ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੂੰ ਇਹ ਸਪੱਸ਼ਟ ਕੀਤਾ। ਬੈਂਚ ਨੇ ਕੇਂਦਰ ਨੂੰ ਇਸ ਘਟਨਾ 'ਚ ਮਾਰੇ ਗਏ ਮਛੇਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੱਖਕਾਰ ਬਣਾਉਂਦੇ ਹੋਏ ਇਤਾਲਵੀ ਮਲਾਹਾਂ ਦਾ ਮਾਮਲਾ ਬੰਦ ਕਰਨ ਲਈ ਅਰਜ਼ੀ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ। ਬੈਂਚ ਨੇ ਕੇਂਦਰ ਨੂੰ ਮਾਮਲਾ ਬੰਦ ਕਰਨ ਲਈ ਨਵੀਂ ਅਰਜ਼ੀ 'ਚ ਪੀੜਤਾਂ ਦੇ ਪਰਿਵਾਰਾਂ ਨੂੰ ਪੱਖਕਾਰ ਬਣਾਉਂਦੇ ਹੋਏ ਇਕ ਹਫ਼ਤੇ ਅੰਦਰ ਇਸ ਨੂੰ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਘਟਨਾ ਦਾ ਸ਼ਿਕਾਰ ਹੋਏ ਮਛੇਰਿਆਂ ਦੇ ਪਰਿਵਾਰਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਬੈਂਚ ਨੇ ਇਨ੍ਹਾਂ ਮਲਾਹਾਂ 'ਤੇ ਮੁਕੱਦਮਾ ਚਲਾਉਣ ਲਈ ਚੁੱਕੇ ਗਏ ਇਟਲੀ ਦੇ ਕਦਮਾਂ ਦੀ ਸ਼ਲਾਘਾ ਕੀਤੀ ਪਰ ਕੋਰਟ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਲਈ ਉੱਚਿਤ ਮੁਆਵਜ਼ੇ ਦੇ ਵਿਸ਼ੇ 'ਤੇ ਗੱਲ ਕਰ ਰਿਹਾ ਹੈ, ਜੋ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਪੀੜਤ ਪਰਿਵਾਰ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ।''

ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤ 'ਚ ਇਤਾਲਵੀ ਮਲਾਹਾਂ ਦਾ ਮਾਮਲਾ ਪੈਂਡਿੰਗ ਹੋਣ ਦਾ ਜ਼ਿਕਰ ਕੀਤਾ ਅਤੇ ਸਵਾਲ ਕੀਤਾ ਕਿ ਉੱਥੇ ਮੁਕੱਦਮਾ ਵਾਪਸ ਲੈਣ ਲਈ ਅਰਜ਼ੀ ਦੇ ਬਿਨਾਂ ਕੇਂਦਰ ਕਿਵੇਂ ਮਾਮਲਾ ਬੰਦ ਕਰਵਾਉਣ ਲਈ ਇੱਥੇ ਆ ਸਕਦਾ ਹੈ। ਮੇਹਤਾ ਨੇ ਜਵਾਬ ਦਿੱਤਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਵਿਸ਼ੇਸ਼ ਕੋਰਟ ਦੀ ਕਾਰਵਾਈ ਪੈਂਡਿੰਗ ਰੱਖੀ ਜਾਵੇ। ਬੈਂਚ ਨੇ ਕਿਹਾ,''ਤੁਸੀਂ ਉੱਥੇ ਮੁਕੱਦਮਾ ਵਾਪਸ ਲੈਣ ਦੀ ਅਪੀਲ ਕਰ ਸਕਦੇ ਹੋ। ਪੀੜਤ ਪਰਿਵਾਰਾਂ ਨੂੰ ਇਸ ਦਾ ਵਿਰੋਧ ਕਰਨ ਦਾ ਅਧਿਕਾਰ ਹੈ। ਪੀੜਤਾਂ ਦੇ ਪਰਿਵਾਰ ਇੱਥੇ ਪੱਖਕਾਰ ਵੀ ਨਹੀਂ ਹਨ। ਅਸੀਂ ਪੀੜਤ ਪਰਿਵਾਰਾਂ ਨੂੰ ਸੁਣੇ ਬਿਨਾਂ ਕੋਈ ਆਦੇਸ਼ ਪਾਸ ਨਹੀਂ ਕਰਾਂਗੇ।'' ਕੇਂਦਰ ਨੇ ਤਿੰਨ ਜੁਲਾਈ ਨੂੰ ਸੁਪਰੀਮ ਕੋਰਟ 'ਚ ਇਤਾਲਵੀ ਮਲਾਹਾਂ ਵਿਰੁੱਧ ਚੱਲ ਰਹੀ ਕਾਰਵਾਈ ਬੰਦ ਕਰਨ ਲਈ ਇਕ ਅਰਜ਼ੀ ਦਾਇਰ ਕੀਤੀ ਸੀ। ਦੱਸਣਯੋਗ ਹੈ ਕਿ ਭਾਰਤ ਨੇ ਇਟਲੀ ਦੇ ਤੇਲ ਟੈਂਕਰ ਐੱਮ.ਵੀ. ਐਨਰਿਕਾ ਲੈਕਸੀ 'ਤੇ ਤਾਇਨਾਤ 2 ਇਤਾਲਵੀ ਮਲਾਹਾਂ-ਸਾਲਵਾਟੋਰੇ ਗਿਰੋਨੇ ਅਤੇ ਮੈਸੀਮਿਲੀਆਓ ਲਟੋਰੇ 'ਤੇ ਭਾਰਤ ਦੇ ਆਰਥਿਕ ਖੇਤਰ 'ਚ 15 ਫਰਵਰੀ 2012 ਨੂੰ ਮੱਛੀ ਫੜਨ ਵਾਲੀ ਕਿਸ਼ਤੀ 'ਚ ਸਵਾਰ 2 ਭਾਰਤੀ ਮਛੇਰਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਇਤਾਲਵੀ ਮਲਾਹਾਂ ਵਿਰੁੱਧ ਮੱਛੀ ਫੜਨ ਵਾਲੀ ਕਿਸ਼ਤੀ 'ਸੈਂਟ ਐਂਟਨੀ' ਦੇ ਮਾਲਕ ਫਰੇਡੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨ੍ਹਾਂ ਮਲਾਹਾਂ ਵਲੋਂ ਗੋਲੀ ਚਲਾਏ ਜਾਣ ਕਾਰਨ ਕੇਰਲ ਦੇ 2 ਮਛੇਰਿਆਂ ਦੀ ਮੌਤ ਹੋ ਗਈ ਹੈ।


DIsha

Content Editor DIsha