ਜਦੋਂ SC ਦੇ ਜੱਜਾਂ ਨੂੰ ਆਇਆ ਗੁੱਸਾ, ਕਿਹਾ- ਫ਼ੈਸਲੇ ਨੂੰ ਪੜ੍ਹਕੇ ਸਿਰ 'ਤੇ ਲਾਉਣੀ ਪਈ 'ਬਾਮ'
Saturday, Mar 13, 2021 - 12:34 PM (IST)
ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼- ਸੁਪਰੀਮ ਕੋਰਟ ਨੇ ਹਿਮਾਚਲ ਹਾਈ ਕੋਰਟ ਦੇ ਫ਼ੈਸਲਾ ਲਿਖਣ ਦੇ ਤਰੀਕੇ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ 'ਚ ਸ਼ਾਮਲ ਜੱਜ ਨੇ ਕਿਹਾ,''ਫ਼ੈਸਲਾ ਪੜ੍ਹ ਕੇ ਸਾਨੂੰ ਟਾਈਗ਼ਰ ਬਾਮ ਲਗਾਉਣ ਦੀ ਨੌਬਤ ਆ ਗਈ। ਫ਼ੈਸਲਾ ਸਰਲ ਭਾਸ਼ਾ 'ਚ ਹੋਣਾ ਚਾਹੀਦਾ, ਉਸ 'ਚ ਲੇਖ ਨਹੀਂ ਹੋਣਾ ਚਾਹੀਦਾ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਬੈਂਚ ਨੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਵਿਸ਼ੇਸ਼ ਮਨਜ਼ੂਰੀ ਪਟੀਸ਼ਨ 'ਤੇ ਸੁਣਵਾਈ ਕੀਤੀ। ਜਸਟਿਸ ਸ਼ਾਹ ਨੇ ਕਿਹਾ,''ਮੈਂ ਫ਼ੈਸਲੇ 'ਚ ਕੁਝ ਨਹੀਂ ਸਮਝ ਸਕਿਆ। ਉਸ 'ਚ ਵੱਡੀ-ਵੱਡੀ ਸ਼ਬਦਾਵਲੀ ਹੈ। ਕੁਝ ਸਮਝ 'ਚ ਨਹੀਂ ਆਇਆ ਕਿ ਸ਼ੁਰੂ 'ਚ ਕੀ ਕਿਹਾ ਗਿਆ ਸੀ ਅਤੇ ਅੰਤ 'ਚ ਕੀ। ਇਕ ਕੋਮਾ ਦਿੱਸਿਆ ਜੋ ਬਹੁਤ ਅਜੀਬ ਤਰੀਕੇ ਨਾਲ ਲੱਗਾ ਹੋਇਆ ਸੀ। ਫ਼ੈਸਲਾ ਨੂੰ ਪੜ੍ਹਦੇ ਸਮੇਂ ਮੈਨੂੰ ਆਪਣੀ ਸਮਝ 'ਤੇ ਸ਼ੱਕ ਹੋਣ ਲੱਗਾ ਸੀ।
ਲਗਾਉਣੀ ਪਈ ਟਾਈਗਰ ਬਾਮ
ਆਖ਼ਰੀ ਪੈਰਾਗ੍ਰਾਫ਼ ਪੜ੍ਹਨ ਤੋਂ ਬਾਅਦ ਤਾਂ ਮੈਨੂੰ ਟਾਈਗਰ ਬਾਮ ਲਗਾਉਣੀ ਪਈ। ਉੱਥੇ ਹੀ ਜਸਟਿਸ ਚੰਦਰਚੂੜ ਨੇ ਕਿਹਾ ਕਿ ਫ਼ੈਸਲਾ ਅਜਿਹਾ ਲਿਖਿਆ ਜਾਣਾ ਚਾਹੀਦਾ, ਜੋ ਆਮ ਆਦਮੀ ਨੂੰ ਸਮਝ ਆਏ। ਮੈਂ ਸਵੇਰੇ 10.10 ਵਜੇ ਫ਼ੈਸਲੇ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ 10.55 ਵਜੇ, ਜਦੋਂ ਖ਼ਤਮ ਕੀਤਾ ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਮੈਂ ਕੀ ਮਹਿਸੂਸ ਕੀਤਾ। ਮੇਰੀ ਹਾਲਤ ਕਲਪਣਾ ਤੋਂ ਪਰ੍ਹੇ ਸਨ। ਜਸਟਿਸ ਕ੍ਰਿਸ਼ਨ ਅਈਅਰ ਦੇ ਫ਼ੈਸਲਿਆਂ ਦਾ ਜ਼ਿਕਰ ਕਰਦੇ ਹੋਏ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਦੇ ਫ਼ੈਸਲੇ ਸਰਲ ਅਤੇ ਸਪੱਸ਼ਟ ਹੁੰਦੇ ਸਨ, ਜਿਸ ਨੂੰ ਪੜ੍ਹਨ ਵਾਲਿਆਂ ਨੂੰ ਸਮਝਣ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ।
ਇਹ ਹੈ ਮਾਮਲਾ
ਦਰਅਸਲ, ਇਹ ਮਾਮਲਾ ਇਕ ਸਰਕਾਰੀ ਕਰਮੀ ਨਾਲ ਜੁੜਿਆ ਹੈ। ਕੇਂਦਰ ਸਰਕਾਰ ਉਦਯੋਗਿਕ ਟ੍ਰਿਬਿਊਨਲ (ਸੀ.ਜੀ.ਆਈ.ਟੀ.) ਨੇ ਕਰਮੀ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਦਿੱਤੀ ਸੀ। ਇਸ ਫ਼ੈਸਲੇ ਨੂੰ ਕਰਮੀ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਸੀ.ਜੀ.ਆਈ.ਟੀ. ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ। ਜਿਸ ਤੋਂ ਬਾਅਦ ਕਰਮੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ