ਕੋਰੋਨਾ ਆਫ਼ਤ : ਸੁਪਰੀਮ ਕੋਰਟ ਨੇ ਭਗਵਾਨ ਜਗਨਨਾਥ ਦੀ ਰਥ ਯਾਤਰਾ ''ਤੇ ਲਗਾਈ ਰੋਕ
Thursday, Jun 18, 2020 - 01:53 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦੇਸ਼ 'ਚ ਕੋਵਿਡ-19 ਕਾਰਨ ਓਡੀਸ਼ਾ ਦੇ ਪੁਰੀ 'ਚ ਨਿਕਲਣ ਵਾਲੀ ਰਥ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਕੋਰਟ 'ਚ ਪਟੀਸ਼ਨਾਂ ਦਾਇਰ ਕਰ ਕੇ ਅਪੀਲ ਕੀਤੀ ਗਈ ਸੀ ਕਿ ਮਹਾਮਾਰੀ ਨੂੰ ਦੇਖਦੇ ਹੋਏ ਰਥ ਯਾਤਰਾ ਨੂੰ ਜਾਂ ਤਾਂ ਰੱਦ ਜਾਂ ਮੁਲਤਵੀ ਕੀਤਾ ਜਾਣਾ ਚਾਹੀਦਾ। ਇਹ ਯਾਤਰਾ 10 ਤੋਂ 12 ਦਿਨਾਂ ਤੱਕ ਚੱਲਦੀ ਹੈ ਅਤੇ ਇਸ 'ਚ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ। ਭੁਵਨੇਸ਼ਵਰ ਦੇ ਗੈਰ-ਸਰਕਾਰੀ ਸੰਗਠਨ 'ਓਡੀਸ਼ਾ ਵਿਕਾਸ ਪ੍ਰੀਸ਼ਦ' ਨੇ ਆਪਣੀ ਜਨਹਿੱਤ ਪਟੀਸ਼ਨ 'ਚ ਯਾਤਰਾ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਭਾਰਤੀ ਵਿਕਾਸ ਪ੍ਰੀਸ਼ਦ ਦੇ ਸੁਰੇਂਦਰ ਪਾਣੀਗ੍ਰਹੀ ਨੇ ਉੜੀਸਾ ਹਾਈ ਕੋਰਟ ਦੇ 9 ਜੂਨ ਦੇ ਆਦੇਸ਼ ਵਿਰੁੱਧ ਅਪੀਲ ਕੀਤੀ ਹੈ।
ਹਾਈ ਕੋਰਟ ਨੇ ਕਿਹਾ ਸੀ ਕਿ ਇਹ ਸੂਬਾ ਸਰਕਾਰ 'ਤੇ ਨਿਰਭਰ ਹੈ ਕਿ ਉਹ ਧਾਰਮਿਕ ਪ੍ਰੋਗਰਾਮ ਹੋਣ ਦਿੰਦੀ ਹੈ ਜਾਂ ਨਹੀਂ ਪਰ ਜੇਕਰ ਉਹ ਪ੍ਰੋਗਰਾਮ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਉਸ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਨਾਲ ਸੰਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਨਾਲ ਹੀ ਰਥ ਨੂੰ ਵਿਅਕਤੀਆਂ ਦੀ ਜਗ੍ਹਾ ਮਸ਼ੀਨ ਜਾਂ ਹਾਥੀ ਵਰਗੇ ਮਾਧਿਅਮਾਂ ਨਾਲ ਖਿੱਚਣ 'ਤੇ ਵਿਚਾਰ ਕਰਨਾ ਚਾਹੀਦਾ। ਪਟੀਸ਼ਨਾਂ 'ਚ ਕਿਹਾ ਗਿਆ ਕਿ ਰਥ ਯਾਤਰਾ 'ਚ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ ਅਤੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਨੂੰ ਮੁਲਤਵੀ ਜਾਂ ਰੱਦ ਕੀਤਾ ਜਾਣਾ ਚਾਹੀਦਾ। ਰਥ ਯਾਤਰਾ ਸ਼ੁਰੂ ਹੋਣ ਦਾ ਪ੍ਰੋਗਰਾਮ 23 ਜੂਨ ਨੂੰ ਹੈ, ਜੋ 10-12 ਦਿਨ ਚੱਲਦੀ ਹੈ। ਇਸ ਤੋਂ ਬਾਅਦ 'ਬਹੁਦਾ ਯਾਤਰਾ' (ਵਾਪਸੀ) ਦਾ ਪ੍ਰੋਗਰਾਮ ਇਕ ਜੁਲਾਈ ਨੂੰ ਤੈਅ ਹੈ।