ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈ ਕੇ SC ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਜਾਰੀ

01/19/2021 12:23:09 PM

ਨਵੀਂ ਦਿੱਲੀ– ਕੜਾਕੇ ਦੀ ਠੰਡ ’ਚ ਦਿੱਲੀ ’ਚ ਅੰਦੋਲਨ ਕਰ ਰਹੇ ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ। ਇਸ ਵਿਚਕਾਰ ਮੰਗਲਵਾਰ ਯਾਨੀ ਅੱਜ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਹੋ ਰਹੀ ਹੈ। ਇਹ ਬੈਠਕ ਦਿੱਲੀ ਦੇ ਪੂਸਾ ਕੈਂਪਸ ’ਚ ਹੋ ਰਹੀ ਹੈ। ਬੈਠਕ ’ਚ ਤਿੰਨ ਮੈਂਬਰ ਅਸ਼ੋਕ ਗੁਲਾਟੀ, ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਟ ਮੌਜੂਦ ਹਨ। ਬੈਠਕ ’ਚ ਇਹ ਤਿੰਨੇ ਮੈਂਬਰ ਆਪਸ ’ਚ ਗੱਲਬਾਤ ਕਰਕੇ ਅੱਗੇ ਦੀ ਰਣਨੀਤੀ ਤਿਆਰ ਕਰਨਗੇ। ਕਮੇਟੀ ਅੱਜ ਕਿਸੇ ਹੋਰ ਨਾਲ ਮੁਲਾਕਾਤ ਨਹੀਂ ਕਰੇਗੀ। ਕਿਸਾਨ ਜਥੇਬੰਦੀਆਂ ਇਸ ਕਮੇਟੀ ਦਾ ਵਿਰੋਧ ਕਰਦੀਆਂ ਆਈਆਂ ਹਨ। ਅਜਿਹੇ ’ਚ ਹੁਣ ਕਮੇਟੀ ਦੀ ਪਹਿਲੀ ਬੈਠਕ ਨਾਲ ਕੀ ਨਤੀਜਾ ਨਿਕਲਦਾ ਹੈ ਇਸ ’ਤੇ ਹਰ ਕਿਸੇ ਦੀਆਂ ਨਜ਼ਰਾਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਾਲ ਹੀ ’ਚ ਸੁਣਵਾਈ ਦੌਰਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤਕ ਰੋਕ ਲਗਾਈ ਹੋਈ ਹੈ ਅਤੇ ਇਸ ਕਮੇਟੀ ਦਾ ਗਠਨ ਕੀਤਾ ਸੀ।  

ਇਹ ਵੀ ਪੜ੍ਹੋ– ਕਿਸਾਨੀ ਘੋਲ: 10ਵੇਂ ਗੇੜ ਦੀ ਬੈਠਕ ਟਲੀ, ਅੱਜ ਕਿਸਾਨ ਕਰਨਗੇ ਟਰੈਕਟਰ ਪਰੇਡ ਦੀ ‘ਰਿਹਰਸਲ’

ਦੱਸ ਦੇਈਏ ਕਿ ਸੁਪਰੀਮ ਵਲੋਂ ਗਠਿਤ ਕਮੇਟੀ ’ਚੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਆਪਣੇ ਆਪ ਨੂੰ ਵੱਖ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਚਾਰ ਲੋਕਾਂ ਦੀ ਕਮੇਟੀ ’ਚ ਮੈਨੂੰ ਜਗ੍ਹਾ ਦਿੱਤੀ ਗਈ, ਇਸ ਲਈ ਮੈਂ ਸੁਪਰੀ ਕਰਟ ਦਾ ਧੰਨਵਾਦ ਕਰਦਾ ਹਾਂ ਪਰ ਇਕ ਕਿਸਾਨ ਅਤੇ ਯੂਨੀਅਨ ਲੀਡਰ ਹੋਣ ਦੇ ਨਾਅਤੇ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਉਮੀਦਾਂ ਨੂੰ ਵੇਖਦੇ ਹੋਏ ਮੈਂ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਰਿਹਾ ਹਾਂ। ਮਾਨ ਨੇ ਕਿਹਾ ਸੀ ਕਿ ਮੈਂ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਇਸ ਲਈ ਮੈਂ ਕਿਸੇ ਵੀ ਅਹੁਦੇ ਨੂੰ ਕੁਰਬਾਨ ਕਰ ਸਕਦਾ ਹਾਂ ਅਤੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਰਹਾਂਗਾ। 

ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਸੁਪਰੀਮ ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਏ ਭੁਪਿੰਦਰ ਸਿੰਘ ਮਾਨ​​​​​​​

ਦੱਸ ਦੇਈਏ ਕਿ ਅੱਜ ਹੋਣ ਵਾਲੀ ਸਰਕਾਰ ਅਤੇ ਕਿਸਾਨਾਂ ਦੀ ਬੈਠਕ ਟਲ ਗਈ ਹੈ ਜੋ ਹੁਣ ਬੁੱਧਵਾਰ ਯਾਨੀ 20 ਜਨਵਰੀ ਨੂੰ ਹੋਵੇਗੀ। 

ਨੋਟ: ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Rakesh

Content Editor

Related News