4 ਸਾਲਾ ਬੱਚੀ ਨਾਲ ਹੈਵਾਨੀਅਤ: ਸੁਪਰੀਮ ਕੋਰਟ ਨੇ ਮੁਲਜ਼ਮ ਦੀ ਮੌਤ ਦੀ ਸਜ਼ਾ ਕੀਤੀ ਰੱਦ, ਦਿੱਤੇ ਰਿਹਾਈ ਦੇ ਨਿਰਦੇਸ਼

Saturday, Mar 04, 2023 - 05:10 AM (IST)

ਨਵੀਂ ਦਿੱਲੀ (ਭਾਸ਼ਾ): ਸੁਪਰੀਮ ਕੋਰਟ ਨੇ 2017 ਵਿਚ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਚਾਰ ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਦੇ ਜੁਰਮ ਵਿਚ ਮੌਤ ਦੀ ਸਜ਼ਾ ਪਾਏ 20 ਸਾਲਾ ਨੌਜਵਾਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਹ ਨਾਬਾਲਗ ਸੀ। 

ਇਹ ਖ਼ਬਰ ਵੀ ਪੜ੍ਹੋ - ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਆਉਣਗੇ ਭਾਰਤ, ਇਸ ਮੁੱਦੇ 'ਤੇ PM ਮੋਦੀ ਨਾਲ ਕਰਨਗੇ ਵਿਚਾਰ ਚਰਚਾ

ਜਸਟਿਸ ਬੀ.ਆਰ.ਗਵੱਈ, ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਨੇ ਕਿਹਾ, "ਅਪੀਲਕਰਤਾ (ਨੌਜਵਾਨ) ਦੀ ਦੋਸ਼ਸਾਬਤੀ ਬਰਕਰਾਰ ਰੱਖੀ ਜਾਂਦੀ ਹੈ ਪਰ ਉਸ ਦੀ ਸਜ਼ਾ ਨੂੰ ਰੱਦ ਕੀਤਾ ਜਾਂਦਾ ਹੈ।" ਬੈਂਚ ਨੇ ਕਿਹਾ ਕਿ ਅਪੀਲਕਰਤਾ 20 ਸਾਲ ਤੋਂ ਵੱਧ ਉਮਰ ਦਾ ਹੈ ਤੇ ਉਸ ਨੂੰ ਕਿਸੇ ਕਿਸ਼ੋਰ ਨਿਆਂ ਬੋਰਡ ਜਾਂ ਬਾਲ ਦੇਖਭਾਲ ਕੇਂਦਰ ਵਿਚ ਭੇਜਣ ਦੀ ਵੀ ਲੋੜ ਨਹੀਂ ਹੈ। ਬੈਂਚ ਨੇ ਅੱਗੇ ਕਿਹਾ ਕਿ, "ਅਪੀਲਕਰਤਾ ਨਿਆਂਇਕ ਹਿਰਾਸਤ ਵਿਚ ਹੈ। ਉਸ ਨੂੰ ਫ਼ੌਰਨ ਰਿਹਾਅ ਕੀਤਾ ਜਾਵੇ।" 

ਇਹ ਖ਼ਬਰ ਵੀ ਪੜ੍ਹੋ - ਅਡਾਨੀ ਸਮੂਹ ਦੇ ਸ਼ੇਅਰਾਂ 'ਚ ਤੇਜ਼ੀ ਆਉਣ ਨਾਲ ਹੋਈ LIC ਦੇ ਘਾਟੇ ਦੀ ਭਰਪਾਈ, ਹੁਣ ਹੋਇਆ ਕਰੋੜਾਂ ਦਾ ਮੁਨਾਫ਼ਾ

ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਦੇ 15 ਨਵੰਬਰ 2018 ਦੇ ਹੁਕਮ ਵਿਚ ਸੋਧ ਕੀਤਾ। ਇੰਦੌਰ ਬੈਂਚ ਨੇ ਆਪਣੇ ਹੁਕਮ ਦੇ ਜ਼ਰੀਏ ਨੌਜਵਾਨ ਦੀ ਦੋਸ਼ਸਾਬਤੀ ਤੇ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਸੀ। ਸੁਪਰੀਮ ਕੋਰਟ ਨੇ ਨੌਜਵਾਨ ਦੇ ਬਾਲਗ ਹੋਣ ਦੇ ਦਾਅਵੇ 'ਤੇ ਹੇਠਲੀ ਅਦਾਲਤ ਵੱਲੋਂ ਜਾਂਚ ਦਾ ਹੁਕਮ ਦਿੱਤਾ ਸੀ। ਬੈਂਚ ਨੇ ਕਿਹਾ ਕਿ ਉਸ ਨੇ ਰਿਪੋਰਟ ਅਤੇ ਸਬੂਤ ਵਜੋਂ ਪੇਸ਼ ਕੀਤੀ ਗਈ ਸਮੱਗਰੀ ਦੀ ਵੀ ਪੜਤਾਲ ਕੀਤੀ ਹੈ, ਜਿਸ ਦੇ ਅਧਾਰ 'ਤੇ ਹੇਠਲੀ ਅਦਾਲਤ ਨੇ ਸਿੱਟਾ ਕੱਢਿਆ ਸੀ। ਉਸ ਨੇ ਕਿਹਾ ਕਿ ਰਿਪੋਰਟ ਦਸਤਾਵੇਜ਼ੀ ਸਬੂਤਾਂ ਦੇ ਨਾਲ-ਨਾਲ ਸਕੂਲ ਦੀ ਮੌਜੂਦਾ ਪ੍ਰਿੰਸੀਪਲ, ਸੇਵਾਮੁਕਤ ਪ੍ਰਿੰਸੀਪਲ, 5 ਅਧਿਆਪਕਾਂ ਤੇ ਅਪੀਲਕਰਤਾ ਦੇ ਬਿਆਨਾਂ 'ਤੇ ਵੀ ਅਧਾਰਤ ਹੈ। ਬੈਂਚ ਨੇ ਕਿਹਾ, "ਇਸ ਅਦਾਲਤ ਦੇ ਕੋਲ ਅਪੀਲਕਰਤਾ ਦੀ ਜਨਮ ਤਾਰੀਖ਼ ਸਬੰਧੀ ਹੇਠਲੀ ਅਦਾਲਤ ਵੱਲੋਂ ਕੱਢੇ ਗਏ ਸਿੱਟੇ ਦੀ ਸੱਚਾਈ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਇਸ ਲਈ, ਅਸੀਂ ਹੇਠਲੀ ਅਦਾਲਤ ਦੀ ਰਿਪੋਰਟ ਨੂੰ ਮਨਜ਼ੂਰ ਕਰਦੇ ਹਾਂ ਤੇ ਅਪੀਲਕਰਤਾ ਦੀ ਉਮਰ ਦੀ ਤਾਰੀਖ਼ ਨੂੰ 15 ਸਾਲ 4 ਮਹੀਨੇ ਤੇ 20 ਦਿਨ ਸੀ।"

ਇਹ ਖ਼ਬਰ ਵੀ ਪੜ੍ਹੋ - Mobile App ਰਾਹੀਂ ਲੋਨ ਲੈਣ ਵਾਲਿਆਂ ਨਾਲ ਹੋ ਰਹੀ ਠੱਗੀ, ED ਨੇ ਕੰਪਨੀ ਤੋਂ ਬਰਾਮਦ ਕੀਤੇ ਕਰੋੜਾਂ ਦੇ ਹੀਰੇ ਤੇ ਨਕਦੀ

ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੀ ਇਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਕਿ ਮੁਲਜ਼ਮ ਦੇ ਬਾਲਗ ਹੋਣ ਦਾ ਦਾਅਵਾ ਪਤਾ ਲਗਾਉਣ ਲਈ ਉਸ ਦੀ ਹੱਡੀ ਦਾ ਟੈਸਟ ਕੀਤਾ ਜਾਵੇ। 15 ਦਸੰਬਰ, 2017 ਨੂੰ ਚਾਰ ਸਾਲ ਦੀ ਬੱਚੀ ਧਾਰ ਜ਼ਿਲ੍ਹੇ ਵਿਚ ਆਪਣੇ ਘਰ ਦੇ ਬਾਹਰ ਆਪਣੇ ਦੋਸਤਾਂ ਨਾਲ ਖੇਡਦੀ-ਖੇਡਦੀ ਲਾਪਤਾ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਨੇ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਅਗਲੀ ਸਵੇਰ ਬੱਚੀ ਦੀ ਲਾਸ਼ ਉਸਦੇ ਘਰ ਤੋਂ ਕੁੱਝ ਮੀਟਰ ਦੀ ਦੂਰੀ 'ਤੇ ਮਿਲੀ ਸੀ। ਪੁਲਸ ਨੇ ਕਿਹਾ ਸੀ ਕਿ ਪੱਥਰ ਨਾਲ ਕੁਚਲ ਕੇ ਉਸ ਦਾ ਕਤਲ ਕੀਤਾ ਗਿਆ ਸੀ। ਪੁਲਸ ਨੇ ਇਸ ਬਾਰੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 17 ਮਈ, 2018 ਨੂੰ ਹੇਠਲੀ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News