ਸੁਪਰੀਮ ਕੋਰਟ ਵੱਲੋਂ ਰੇਪ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ, ਸੂਬਾ ਸਰਕਾਰ ਨੂੰ ਦਿੱਤੇ ਇਹ ਆਦੇਸ਼

Monday, Aug 21, 2023 - 01:42 PM (IST)

ਸੁਪਰੀਮ ਕੋਰਟ ਵੱਲੋਂ ਰੇਪ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ, ਸੂਬਾ ਸਰਕਾਰ ਨੂੰ ਦਿੱਤੇ ਇਹ ਆਦੇਸ਼

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜਬਰ ਜ਼ਿਨਾਹ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਕਿ ਵਿਆਹ ਤੋਂ ਬਾਹਰ ਗਰਭਧਾਰਨ ਖ਼ਤਰਨਾਕ ਹੋ ਸਕਦਾ ਹੈ। ਪੀੜਤਾ 27 ਹਫ਼ਤਿਆਂ ਦੀ ਗਰਭਵਤੀ ਹੈ। ਪੀੜਤਾ ਦੀ ਮੈਡੀਕਲ ਰਿਪੋਰਟ ਦਾ ਨੋਟਿਸ ਲੈਂਦਿਆਂ ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉੱਜਵਲ ਭੂਈਆਂ ਨੇ ਕਿਹਾ ਕਿ ਗੁਜਰਾਤ ਹਾਈ ਕੋਰਟ ਦਾ ਪਟੀਸ਼ਨਕਰਤਾ ਦੀ ਗਰਭਪਾਤ ਦੀ ਇਜਾਜ਼ਤ ਦੀ ਅਪੀਲ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਨਾ ਸਹੀ ਨਹੀਂ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਵਿਆਹ ਸੰਸਥਾ ਅੰਦਰ ਗਰਭ ਅਵਸਥਾ ਨਾ ਸਿਰਫ਼ ਜੋੜੇ ਲਈ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਵੀ ਖੁਸ਼ੀ ਅਤੇ ਜਸ਼ਨ ਦਾ ਮੌਕਾ ਹੁੰਦਾ ਹੈ ਹੈ। ਅਦਾਲਤ ਨੇ ਕਿਹਾ,''ਇਸ ਦੇ ਉਲਟ, ਵਿਆਹ ਤੋਂ ਬਾਹਰ ਖਾਸ ਤੌਰ 'ਤੇ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲੇ ਦੇ ਮਾਮਲਿਆਂ ਵਿਚ ਗਰਭ ਅਵਸਥਾ ਖ਼ਤਰਨਾਕ ਹੋ ਸਕਦੀ ਹੈ। ਅਜਿਹੀ ਗਰਭ ਅਵਸਥਾ ਨਾ ਸਿਰਫ਼ ਗਰਭਵਤੀ ਔਰਤਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਸਗੋਂ ਉਨ੍ਹਾਂ ਨੂੰ ਚਿੰਤਾ ਅਤੇ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਹੁੰਦੀ ਹੈ। ਇਕ ਔਰਤ 'ਤੇ ਜਿਨਸੀ ਹਮਲਾ ਆਪਣੇ ਆਪ ਵਿਚ ਤਣਾਅਪੂਰਨ ਹੁੰਦਾ ਹੈ ਅਤੇ ਜਿਨਸੀ ਹਮਲੇ ਕਾਰਨ ਗਰਭ ਅਵਸਥਾ ਦੇ ਮਾੜੇ ਨਤੀਜੇ ਹੋ ਸਕਦੇ ਹਨ ਕਿਉਂਕਿ ਅਜਿਹੀ ਗਰਭ ਅਵਸਥਾ ਸਵੈਇੱਛਤ ਜਾਂ ਆਪਣੀ ਖੁਸ਼ੀ ਅਨੁਸਾਰ ਨਹੀਂ ਹੁੰਦੀ ਹੈ।"

ਇਹ ਵੀ ਪੜ੍ਹੋ : ਰੇਪ ਪੀੜਤਾ ਦੇ ਗਰਭਪਾਤ ਦੀ ਪਟੀਸ਼ਨ ਟਾਲਣ 'ਤੇ ਸੁਪਰੀਮ ਕੋਰਟ ਨਾਰਾਜ਼

ਬੈਂਚ ਨੇ ਕਿਹਾ,''ਉਪਰੋਕਤ ਚਰਚਾ ਅਤੇ ਮੈਡੀਕਲ ਰਿਪੋਰਟ ਦੇ ਮੱਦੇਨਜ਼ਰ, ਅਸੀਂ ਪਟੀਸ਼ਨਕਰਤਾ ਨੂੰ ਗਰਭਪਾਤ ਦੀ ਇਜਾਜ਼ਤ ਦਿੰਦੇ ਹਾਂ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਉਹ ਕੱਲ੍ਹ ਯਾਨੀ ਮੰਗਲਵਾਰ ਹਸਪਤਾਲ ਵਿਚ ਮੌਜੂਦ ਰਹੇ ਤਾਂ ਜੋ ਗਰਭਪਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।'' ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਭਰੂਣ ਜਿਊਂਦਾ ਪਾਇਆ ਜਾਂਦਾ ਹੈ ਤਾਂ ਹਸਪਤਾਲ ਇਹ ਯਕੀਨੀ ਕਰੇਗਾ ਕਿ ਭਰੂਣ ਨੂੰ ਜਿਊਂਦੇ ਰੱਖਣ ਲਈ ਹਰ ਜ਼ਰੂਰੀ ਮਦਦ ਪ੍ਰਦਾਨ ਕੀਤੀ ਜਾਵੇ। ਬੱਚਾ ਜੇਕਰ ਜਿਊਂਦਾ ਰਹਿੰਦਾ ਹੈ ਤਾਂ ਰਾਜ ਇਹ ਯਕੀਨੀ ਕਰਨ ਲਈ ਕਦਮ ਚੁੱਕੇਗਾ ਕਿ ਬੱਚੇ ਨੂੰ ਕਾਨੂੰਨ ਅਨੁਸਾਰ ਗੋਦ ਲਿਆ ਜਾਵੇ। ਸਿਖਰਲੀ ਅਦਾਲਤ ਨੇ ਸ਼ਨੀਵਾਰ ਨੂੰ ਇਕ ਵਿਸ਼ੇਸ਼ ਬੈਠਕ ਵਿਚ ਗੁਜਰਾਤ ਹਾਈ ਕੋਰਟ ਵੱਲੋਂ ਮੈਡੀਕਲ ਗਰਭਪਾਤ ਦੀ ਮੰਗ ਕਰਨ ਵਾਲੀ ਪੀੜਤਾ ਦੀ ਪਟੀਸ਼ਨ ਨੂੰ ਮਨਜ਼ੂਰੀ ਨਾ ਦੇਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਮਾਮਲੇ ਦੇ ਲੰਬਿਤ ਰਹਿਣ ਦੌਰਾਨ "ਕੀਮਤੀ ਸਮਾਂ" ਬਰਬਾਦ ਕੀਤਾ ਗਿਆ। 'ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ (ਐੱਮ.ਟੀ.ਪੀ.) ਐਕਟ' ਦੇ ਤਹਿਤ ਗਰਭਪਾਤ ਲਈ ਉਪਰਲੀ ਸਮਾਂ ਸੀਮਾ ਵਿਆਹੁਤਾ ਔਰਤਾਂ, ਬਲਾਤਕਾਰ ਪੀੜਤਾਂ ਅਤੇ ਦਿਵਿਆਂਗ ਅਤੇ ਨਾਬਾਲਗਾਂ ਸਮੇਤ ਵਿਸ਼ੇਸ਼ ਸ਼੍ਰੇਣੀਆਂ ਲਈ 24 ਹਫ਼ਤੇ ਦੀ ਗਰਭ ਅਵਸਥਾ ਹੈ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News