ਸਿੱਖ ਨੂੰ ਬਿਨਾਂ ਹੈਲਮੇਟ ਦੇ ਮੁਕਾਬਲੇ ''ਚ ਸ਼ਾਮਲ ਨਾ ਹੋਣ ਦੇਣਾ ਭੇਦਭਾਵ ਨਹੀਂ : ਸੁਪਰੀਮ ਕੋਰਟ
Wednesday, Feb 20, 2019 - 05:04 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਪੱਗੜੀਧਾਰੀ ਸਿੱਖ ਨੂੰ ਬਿਨਾਂ ਹੈਲਮੇਟ ਪਹਿਨੇ ਕਿਸੇ ਖੇਡ ਮੁਕਾਬਲੇ 'ਚ ਸ਼ਾਮਲ ਨਾ ਹੋਣ ਦੇਣਾ ਉਸ ਨਾਲ ਭੇਦਭਾਵ ਨਹੀਂ ਹੈ ਜਾਂ ਉਸ ਦੇ ਧਾਰਮਿਕ ਅਧਿਕਾਰਾਂ ਨਾਲ ਦਖਲ ਨਹੀਂ ਕਿਹਾ ਜਾ ਸਕਦਾ। ਸੁਪਰੀਮ ਕੋਰਟ ਦੇ ਜੱਜਾਂ - ਜਸਟਿਸ ਐੱਸ. ਏ. ਬੋਬੜੇ, ਜਸਟਿਸ ਐੱਸ. ਕੇ. ਕੌਲ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਦਿੱਲੀ ਦੇ ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਸਿੱਖ ਸਾਈਕਲਿਸਟ ਜਗਦੀਪ ਨੇ ਕਿਹਾ ਸੀ ਕਿ ਹੈਲਮੇਟ ਪਹਿਨਣ ਤੋਂ ਇਨਕਾਰ ਕਰਨ 'ਤੇ ਉਸ ਨੂੰ ਸਾਈਕਲ ਮੁਕਾਬਲੇ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ, ਜੋ ਉਸ ਦੇ ਨਾਲ ਭੇਦਭਾਵ ਦੀ ਸ਼੍ਰੇਣੀ ਵਿਚ ਆਉਂਦਾ ਹੈ। ਜੱਜਾਂ ਦੀ ਬੈਂਚ ਨੇ ਜਗਦੀਪ ਦੀ ਇਸ ਦਲੀਲ 'ਤੇ ਗੰਭੀਰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਦੋਂ ਫੌਜ ਇਕ ਸਿੱਖ ਨੂੰ ਪੱਗੜੀ ਨਾਲ ਕੰਟਰੋਲ ਰੇਖਾ 'ਤੇ ਡਿਊਟੀ ਕਰਨ ਦੇ ਸਕਦੀ ਹੈ ਤਾਂ ਇਕ ਖੇਡ ਮੁਕਾਬਲੇ ਦੇ ਆਯੋਜਕ ਉਸ 'ਤੇ ਕਿਵੇਂ ਇਤਰਾਜ਼ ਕਰ ਸਕਦੇ ਹਨ।
ਬੈਂਚ ਨੇ ਕਿਹਾ, ''ਤੁਸੀਂ ਇਕ ਫੌਜੀ ਦੀ ਕਿਸੇ ਰੇਸ ਮੁਕਾਬਲੇ ਵਿਚ ਸ਼ਾਮਲ ਹੋਣ ਵਾਲੇ ਨਾਲ ਤੁਲਨਾ ਨਹੀਂ ਕਰ ਸਕਦੇ। ਤੁਸੀਂ ਫੌਜ ਵਿਚ ਭਰਤੀ ਹੋ ਕੇ ਇਹ ਨਹੀਂ ਕਹਿ ਸਕਦੇ ਕਿ ਮੈਂ ਜੰਗ ਲੜਨ ਨਹੀਂ ਜਾਵਾਂਗਾ ਪਰ ਤੁਸੀਂ ਇਕ ਸਾਈਕਲ ਖਰੀਦਣ ਤੋਂ ਬਾਅਦ ਵੀ ਕਿਸੇ ਸਾਈਕਲ ਰੇਸ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਦਾ ਫੈਸਲਾ ਕਰ ਸਕਦੇ ਹੋ। ਬੈਂਚ ਨੇ ਇਹ ਵੀ ਕਿਹਾ ਕਿ ਇਹ ਧਾਰਮਿਕ ਆਧਾਰ 'ਤੇ ਕਿਸੇ ਨਾਲ ਭੇਦਭਾਵ ਜਾਂ ਉਸ ਦੇ ਧਾਰਮਿਕ ਅਧਿਕਾਰਾਂ 'ਚ ਦਖਲ ਅੰਦਾਜ਼ੀ ਦਾ ਮਾਮਲਾ ਨਹੀਂ ਹੈ। ਦੱਸਣਯੋਗ ਹੈ ਕਿ ਜਗਦੀਪ ਪੁਰੀ ਨੂੰ 2015 'ਚ ਬਿਨਾਂ ਹੈਲਮੇਟ ਦੇ ਆਜ਼ਾਦ ਹਿੰਦ ਬ੍ਰਿਵੇਟ 'ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ।