ਮਹਾਚੱਕਰਵਾਤ ਤੋਂ ਸਹਿਮੇ ਕਈ ਸੂਬੇ, ਅਲਰਟ ਜਾਰੀ

05/19/2020 10:55:43 AM

ਭੁਵਨੇਸ਼ਵਰ/ਕੋਲਕਾਤਾ-ਬੰਗਾਲ ਦੀ ਖਾੜੀ 'ਚੋਂ ਉੱਠਿਆ ਚੱਕਰਵਾਤੀ ਤੂਫਾਨ 'ਅਮਫਾਨ' ਹੁਣ ਮਹਾਚੱਕਰਵਾਤ 'ਚ ਬਦਲ ਚੁੱਕਾ ਹੈ। ਜੋ ਹੁਣ ਤੇਜ਼ ਰਫਤਾਰ ਦੇ ਨਾਲ ਪੱਛਮੀ ਬੰਗਾਲ ਅਤੇ ਓਡੀਸ਼ਾ ਵੱਲ ਵੱਧ ਰਿਹਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਮਹਾਚੱਕਰਵਾਤ ਭਾਰੀ ਤਬਾਹੀ ਮਚਾ ਸਕਦਾ ਹੈ। ਇਸ ਦੀ ਗੰਭੀਰਤਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਗ੍ਰਹਿ ਮੰਤਰਾਲੇ ਅਤੇ ਐੱਨ.ਡੀ.ਐੱਮ.ਏ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਮਹਾਚੱਕਰਵਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜ਼ਾਇਜਾ ਲਿਆ ਗਿਆ ਹੈ। ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗ੍ਰਹਿ ਸਕੱਤਰ ਨੇ ਦੋਵਾਂ ਸੂਬਿਆਂ ਦੇ ਚੀਫ ਸਕੱਤਰਾਂ ਨਾਲ ਗੱਲ ਕੀਤੀ। 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਚੱਕਰਵਾਤੀ ਤੂਫਾਨ ਅੱਜ ਦੁਪਹਿਰ ਤੋਂ ਸ਼ਾਮ ਤੱਕ ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬ ਵੱਲ ਅੱਗੇ ਵੱਧ ਸਕਦਾ ਹੈ। ਇਹ ਪੱਛਮੀ ਬੰਗਾਲ-ਬੰਗਲਾਦੇਸ਼ ਦੇ ਵਿਚਾਲੇ ਦੀਘਾ ਅਤੇ ਹਤੀਆ ਦੀਪ ਸਮੂਹ (ਬੰਗਲਾਦੇਸ਼) ਦੇ ਕੋਲ ਸੁੰਦਰਵਨ ਦੇ ਹਿੱਸਿਆਂ ਨੂੰ ਪਾਰ ਕਰਦਾ ਹੋਇਆ ਅੱਗੇ ਵੱਧ ਸਕਦਾ ਹੈ। ਇਸ ਤਰ੍ਹਾਂ ਇਹ ਆਪਣੇ ਭਿਆਨਕ ਰੂਪ 'ਚ ਬਦਲ ਸਕਦਾ ਹੈ। ਇਸ ਤੋਂ ਤੱਟੀ ਸੂਬਿਆਂ ਨੂੰ ਨੁਕਸਾਨ ਦਾ ਕਾਫੀ ਖਤਰਾ ਹੈ। ਇਨ੍ਹਾਂ ਸੂਬਿਆਂ ਦੇ ਲਈ ਅਗਲੇ 6 ਘੰਟੇ ਕਾਫੀ ਅਹਿਮ ਹਨ।

ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ-
ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪੂਰਬੀ ਤੱਟਾਂ ਦੇ ਸੂਬਿਆਂ ਜਿਵੇਂ ਤਾਮਿਲਨਾਡੂ ਅਤੇ ਪੁਡੂਚੇਰੀ ਤੋਂ ਲੈ ਕੇ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ, ਮਿਜ਼ੋਰਮ, ਮਣੀਪੁਰ ਅਤੇ ਨੇੜੇ ਦੇ ਤੱਟੀ ਇਲਾਕਿਆਂ 'ਚ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਓਡੀਸ਼ਾ ਦੇ ਤੱਟੀ ਜ਼ਿਲੇ ਹਾਈ ਅਲਰਟ 'ਤੇ ਹਨ।

ਪੱਛਮੀ ਬੰਗਾਲ-ਓਡੀਸ਼ਾ 'ਚ ਭਾਰੀ ਨੁਕਸਾਨ ਦੀ ਸੰਭਾਵਨਾ-
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੌਤੂੰਜਯ ਮਹਾਪਾਤਰਾ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ 'ਚ ਬਣੇ ਖਤਰਨਾਕ ਚੱਕਰਵਾਤੀ ਤੂਫਾਨ ਅਮਫਾਨ ਤੋਂ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟੀ ਜ਼ਿਲਿਆਂ 'ਚ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, ਅਮਫਾਨ ਓਡੀਸ਼ਾ 'ਚ 1999 'ਚ ਤੂਫਾਨ ਤੋਂ ਦੂਜਾ ਮਹਾਚੱਕਰਵਾਤੀ ਤੂਫਾਨ ਹੈ। 1999 ਦੇ ਮਹਾਚੱਕਰਵਾਤ ਨੇ 9000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਸੀ।

ਉਨ੍ਹਾਂ ਨੇ ਕਿਹਾ ਹੈ ਕਿ 700 ਕਿਲੋਮੀਟਰ ਤੱਕ ਫੈਲੇ ਅਤੇ ਲਗਭਗ 15 ਕਿਲੋਮੀਟਰ ਉਚਾਈ ਵਾਲਾ ਚੱਕਰਵਾਤ ਅਮਫਾਨ ਆਪਣੇ ਕੇਂਦਰ 'ਚ 220 ਤੋਂ 230 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮ ਰਿਹਾ ਹੈ। ਜੋ ਤੇਜ਼ ਰਫਤਾਰ ਨਾਲ ਉੱਤਰ ਵੱਲ ਵੱਧ ਰਿਹਾ ਹੈ। ਇਹ ਓਡੀਸ਼ਾ ਦੇ ਪਾਰਾਦੀਪ ਤੋਂ 600 ਕਿਲੋਮੀਟਰ ਦੱਖਣ 'ਚ, ਪੱਛਮੀ ਬੰਗਾਲ ਦੇ ਦੀਘਾ ਤੋਂ 750 ਕਿਲੋਮੀਟਰ ਦੱਖਣੀ-ਦੱਖਣੀ ਪੱਛਮ ਅਤੇ ਬੰਗਲਾਦੇਸ਼ ਦੇ ਖੇਪੁਰਾ ਤੋਂ ਲਗਭਗ 1000 ਕਿਲੋਮੀਟਰ ਦੱਖਣੀ-ਦੱਖਣੀ ਪੱਛਮ 'ਚ ਕੇਂਦਰਿਤ ਹੈ।

ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਓਰੇਂਜ ਅਲਰਟ ਜਾਰੀ-
ਮਹਾਚੱਕਰਵਾਤ ਦੇ 20 ਮਈ ਨੂੰ ਸੁੰਦਰਵਨ ਦੇ ਨੇੜੇ ਦੀਘਾ ਦੀਪ ਅਤੇ ਬੰਗਲਾਦੇਸ਼ ਦੇ ਹਤੀਆ ਦੀਪ ਦੇ ਵਿਚਾਲੇ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਤੱਟੀ ਪੱਛਮੀ ਬੰਗਾਲ ਅਤੇ ਓਡੀਸ਼ਾ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਜਿੱਥੇ ਇਸ ਤੋਂ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।


Iqbalkaur

Content Editor

Related News