ਦਿੱਲੀ ''ਚ ਗਰਮੀ ਨੇ ਦਿਖਾਏ ਤੇਵਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

05/23/2020 5:17:13 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਨ੍ਹਾਂ ਦਿਨਾਂ ਦੌਰਾਨ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਾਲਿਆਂ ਨੂੰ ਹੁਣ ਹੁੰਮਸ ਭਰੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਅਤੇ ਅਗਲੇ ਕੁਝ ਦਿਨਾਂ ਤੱਕ ਹੋਰ ਅੱਤ ਦੀ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ। 

ਮੌਸਮ ਵਿਗਿਆਨ ਵਿਭਾਗ ਦੇ ਉੱਤਰ-ਪੱਛਮੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਦਿੱਲੀ 'ਚ ਗਰਮ ਹਵਾ ਚੱਲਣ ਨਾਲ ਪਾਲਮ ਅਤੇ ਲੋਧੀ ਰੋਡ ਇਲਾਕੇ 'ਚ ਕਾਫੀ ਗਰਮੀ ਦੇਖਣ ਨੂੰ ਮਿਲੀ ਹੈ। ਇੱਥੇ ਸਭ ਤੋਂ ਜ਼ਿਆਦਾ ਤਾਪਮਾਨ ਕ੍ਰਮਵਾਰ 45.4 ਅਤੇ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਈ.ਐੱਮ.ਡੀ ਦੇ ਡਾਇਰੈਕਟਰ ਜਨਰਲ ਮੌਤੂੰਜੈ ਮਹਾਪਾਤਰਾ ਨੇ ਦੱਸਿਆ ਹੈ ਕਿ ਚੱਕਰਵਾਤੀ ਤੂਫਾਨ ਤੋਂ ਬਾਅਦ ਉੱਤਰ ਅਤੇ ਮੱਧ ਭਾਰਤ 'ਚ ਤਾਪਮਾਨ 'ਚ ਵਾਧਾ ਹੋਇਆ ਹੈ। ਦਿੱਲੀ 'ਚ ਸ਼ੁੱਕਰਵਾਰ ਨੂੰ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਅਤੇ ਇਸ ਸਾਲ ਦਾ ਸਭ ਤੋਂ ਜ਼ਿਆਦਾ ਗਰਮ ਦਿਨ ਰਿਕਾਰਡ ਕੀਤਾ ਗਿਆ। 

ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਵੀ ਵੱਧ ਤੋਂ ਵੱਧ ਪਾਰਾ 43-45 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ। ਦਿੱਲੀ ਸਰਕਾਰ ਨੇ ਪਿਛਲੇ ਦਿਨੀਂ ਸਵੇਰ ਅਤੇ ਸ਼ਾਮ ਕੁਝ ਤੈਅ ਸਮੇਂ ਲਈ ਪਾਰਕ ਖੋਲ੍ਹਣ ਦਾ ਫੈਸਲਾ ਕੀਤਾ। ਸਵੇਰ 7 ਵਜੇ ਤੋਂ 10 ਵਜੇ ਅਤੇ ਸ਼ਾਮ 3 ਵਜੇ ਤੋਂ ਸਾਢੇ 6 ਵਜੇ ਤੱਕ ਪਾਰਕ ਖੋਲ੍ਹੇ ਰਹਿ ਸਕਦੇ ਹਨ। ਲਾਕਡਾਊਨ ਦੌਰਾਨ ਲੋਕਾਂ ਨੂੰ ਪਾਰਕ ਖੁੱਲ੍ਹਣ 'ਤੇ ਰਾਹਤ ਮਿਲੀ ਪਰ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਿੱਲੀ ਤੋਂ ਇਲਾਵਾ ਰਾਜਸਥਾਨ 'ਚ ਵੀ ਕਾਫੀ ਅੱਤ ਦੀ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਹੈ।

ਹਰਿਆਣਾ, ਦੱਖਣੀ-ਪੱਛਣੀ ਉੱਤਰ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਦੇ ਵੀ ਕੁਝ ਹਿੱਸਿਆਂ 'ਚ ਕਾਫੀ ਗਰਮੀ ਪੈਣ ਦੀ ਸੰਭਾਵਨਾ ਹੈ। ਮੌਸਮ ਭਵਿੱਖਬਾਣੀ ਏਜੰਸੀ ਸਕਾਈਮੇਟ ਵੈਦਰ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਦੱਸਿਆ ਹੈ ਕਿ 27 ਮਈ ਤੱਕ ਦੇਸ਼ ਭਰ 'ਚ ਖੁਸ਼ਕ ਅਤੇ ਗਰਮ ਹਵਾਵਾਂ ਚੱਲਣਗੀਆਂ। ਜੂਨ 'ਚ ਵੀ ਦੇਸ਼ ਦੇ ਕਈ ਹਿੱਸਿਆਂ 'ਚ ਗਰਮੀ ਦਾ ਅਸਰ ਵੱਧ ਸਕਦਾ ਹੈ।


Iqbalkaur

Content Editor

Related News