ਬਜਟ ਤੋਂ ਪਹਿਲਾਂ ਸੁਮਿਤਰਾ ਮਹਾਜਨ ਤੇ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ

Sunday, Jan 27, 2019 - 05:34 PM (IST)

ਬਜਟ ਤੋਂ ਪਹਿਲਾਂ ਸੁਮਿਤਰਾ ਮਹਾਜਨ ਤੇ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ

ਨਵੀਂ ਦਿੱਲੀ— ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ 30 ਜਨਵਰੀ ਦੀ ਸ਼ਾਮ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ 31 ਜਨਵਰੀ ਦੀ ਸਵੇਰ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਦੇ ਨੇਤਾਵਾਂ ਦੀ ਬੈਠਕ ਬੁਲਾਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਖਰੀ ਸੰਸਦੀ ਸੈਸ਼ਨ ਹੋਵੇਗਾ। ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਣੀ ਹੈ।

ਸੈਸ਼ਨ ਦੀ ਬੈਠਕ 13 ਫਰਵਰੀ ਤੱਕ ਚੱਲੇਗੀ। ਇਸ 'ਚ ਆਖਰੀ ਬਜਟ ਦੇ ਨਾਲ ਕੁਝ ਮਹੱਤਵਪੂਰਨ ਬਿੱਲ ਪਾਸ ਕਰਵਾਉਣ ਦੀ ਵੀ ਸਰਕਾਰ ਵਲੋਂ ਕੋਸ਼ਿਸ਼ ਹੋਵੇਗੀ। ਤਿੰਨ ਤਲਾਕ ਨਾਲ ਜੁੜਿਆ ਬਿੱਲ, ਨਾਗਰਿਕਤਾ ਸੋਧ ਬਿੱਲ ਅਤੇ ਕੰਪਨੀ ਕਾਨੂੰਨ ਸੋਧ ਬਿੱਲ ਵਰਗੇ ਕੁਝ ਮਹੱਤਵਪੂਰਨ ਬਿੱਲ ਲੋਕ ਸਭਾ ਤੋਂ ਪਾਸ ਕੀਤੇ ਜਾਣ ਦੇ ਬਾਅਦ ਰਾਜ ਸਭਾ 'ਚ ਪੈਂਡਿੰਗ ਹਨ। ਕੇਂਦਰੀ ਮੰਤਰੀ ਮੰਡਲ ਨੇ ਆਸਾਮ ਸਮੇਤ ਪੂਰਬ-ਉੱਤਰ ਦੇ ਚਾਰ ਰਾਜਾਂ 'ਚ ਆਟੋਨੋਮਸ ਕੌਂਸਲਾਂ 'ਤੇ ਸੰਵਿਧਾਨ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਸਰਕਾਰ ਦੀ ਯੋਜਨਾ ਉਸ ਨੂੰ ਵੀ ਇਸੇ ਸੈਸ਼ਨ 'ਚ ਪੇਸ਼ ਕਰਨ ਦੀ ਹੈ।


author

DIsha

Content Editor

Related News