ਸੁੱਖੀ ਚਾਹਲ ਦਾ ਰਾਹੁਲ ਨੂੰ ਡਿਬੇਟ ਦਾ ਚੈਲੇਂਜ, ਕਿਹਾ-ਸਿੱਖ ਕਤਲੇਆਮ ਵੇਲੇ ਭਾਰਤ 'ਚ ਕਿਸ ਦੀ ਸਰਕਾਰ ਸੀ?

Tuesday, Sep 10, 2024 - 08:12 PM (IST)

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਇੰਨੀ ਦਿਨੀਂ ਅਮਰੀਕਾ ਦੇ ਦੌਰੇ 'ਤੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਇਕ ਬਿਆਨ ਨਾਲ ਨਵਾਂ ਵਿਵਾਦ ਸਹੇੜ ਲਿਆ ਹੈ। ਸੋਮਵਾਰ ਨੂੰ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਦੇ ਵਰਜੀਨੀਆ ਵਿਚ ਸੈਂਕੜੇ ਭਾਰਤੀ ਅਮਰੀਕੀ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਸਿੱਖ ਵਿਅਕਤੀ ਨਾਲ ਵੀ ਗੱਲਬਾਤ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਖਾਲਸਾ ਟੁਡੇ ਦੇ ਸੁਖੀ ਚਾਹਲ ਨੇ ਕਈ ਸਵਾਲ ਪੁੱਛੇ ਹਨ ਤੇ ਉਨ੍ਹਾਂ ਨੂੰ ਦਿੱਲੀ ਵਿਚ ਡਿਬੇਟ ਦਾ ਚੈਲੇਂਜ ਵੀ ਦਿੱਤਾ ਹੈ।

ਦਰਅਸਲ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਦੇ ਵਰਜੀਨੀਆ ਵਿਚ ਪਹਿਲੀ ਕਤਾਰ ਵਿਚ ਹਾਜ਼ਰੀਨ ਵਿਚ ਬੈਠੇ ਇੱਕ ਸਿੱਖ ਨੂੰ ਪੁੱਛਿਆ ਕਿ ਮੇਰੇ ਪੱਗ ਵਾਲੇ ਭਰਾ, ਤੁਹਾਡਾ ਨਾਮ ਕੀ ਹੈ? ਕਾਂਗਰਸੀ ਆਗੂ ਨੇ ਕਿਹਾ ਕਿ ਲੜਾਈ ਇਸ ਗੱਲ ਦੀ ਹੈ ਕਿ ਕੀ ਇਕ ਸਿੱਖ ਨੂੰ ਭਾਰਤ ਵਿੱਚ ਦਸਤਾਰ ਜਾਂ ਕੜਾ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ। ਜਾਂ ਇਕ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕਦਾ ਹੈ ਜਾਂ ਨਹੀਂ। ਲੜਾਈ ਇਸੇ ਗੱਲ ਲਈ ਹੈ ਅਤੇ ਇਹ ਸਿਰਫ਼ ਉਨ੍ਹਾਂ ਲਈ ਨਹੀਂ ਸਗੋਂ ਸਾਰੇ ਧਰਮਾਂ ਲਈ ਹੈ।

ਇਸ ਦੇ ਜਵਾਬ ਵਿਚ ਸੁੱਖੀ ਚਾਹਲ ਨੇ ਇਕ ਟਵੀਟ ਕੀਤਾ 'ਤੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੇ ਸ਼੍ਰੀ ਰਾਹੁਲ ਗਾਂਧੀ ਨੂੰ ਦਿੱਲੀ ਵਿਚ ਸਿੱਖ ਮੁੱਦਿਆਂ 'ਤੇ ਜਨਤਕ ਬਹਿਸ ਲਈ ਸੱਦਾ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਕਾਂਗਰਸ ਹੈੱਡਕੁਆਰਟਰ 'ਤੇ ਵੀ ਸਮਾਂ ਅਤੇ ਸਥਾਨ ਚੁਣਨ ਲਈ ਸੱਦਾ ਦਿੰਦਾ ਹਾਂ। ਰਾਹੁਲ, ਆਓ ਸੱਚਾਈ ਵੱਲ ਧਿਆਨ ਦੇਈਏ। 1984 ਦੇ ਸਿੱਖ ਕਤਲੇਆਮ ਸਮੇਂ ਕਿਸ ਦੀ ਸਰਕਾਰ ਸੀ? ਇਹ ਕਿਸ ਦੀ ਦੇਖ-ਰੇਖ ਹੇਠ ਹੋਇਆ ਅਤੇ ਦਿੱਲੀ ਦੇ ਨਿਰਦੋਸ਼ ਸਿੱਖਾਂ ਸਮੇਤ ਦਰਬਾਰ ਸਾਹਿਬ 'ਤੇ ਹਮਲੇ ਕਿਸ ਨੇ ਕੀਤੇ।

ਇਸ ਦੇ ਨਾਲ ਹੀ ਇਕ ਬਿਆਨ ਜਾਰੀ ਕਰਦਿਆਂ ਸੁੱਖੀ ਚਾਹਲ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਦਿੱਲੀ ਵਿੱਚ ਸਿੱਖ ਮੁੱਦਿਆਂ 'ਤੇ ਜਨਤਕ ਬਹਿਸ ਕਰਨ ਲਈ ਚੁਣੌਤੀ ਦਿੰਦਾ ਹਾਂ, ਜੋ ਉਨ੍ਹਾਂ ਦੁਆਰਾ ਫੈਲਾਈ ਗਈ ਗਲਤ ਜਾਣਕਾਰੀ ਬਾਰੇ ਹੈ। ਰਾਹੁਲ ਵੱਲੋਂ ਇਸ ਬਹਿਸ ਲਈ ਕਾਂਗਰਸ ਹੈੱਡਕੁਆਰਟਰ ਸਮੇਤ ਸਮਾਂ ਅਤੇ ਸਥਾਨ ਦੀ ਚੋਣ ਕਰਨ ਦਾ ਸਵਾਗਤ ਹੈ।

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਮੌਜੂਦਾ ਸੰਘਰਸ਼ ਖ਼ਤਮ ਹੋ ਗਿਆ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਗੁਰਦੁਆਰਿਆਂ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ। ਫਿਰ ਵੀ, ਇਹ ਕਾਂਗਰਸੀ ਵਰਕਰ ਸਨ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਅਤੇ 1984 ਵਿਚ ਕਾਂਗਰਸ ਦੇ ਰਾਜ ਵਿਚ, ਭਾਰਤੀ ਫੌਜ ਹਰਿਮੰਦਰ ਸਾਹਿਬ ਵਿਚ ਦਾਖਲ ਹੋਈ। ਉਦੋਂ ਕਿਸ ਦੀ ਸਰਕਾਰ ਸੀ? ਇਸ ਦੇ ਨਾਲ ਹੀ ਸੁੱਖੀ ਚਾਹਲ ਨੇ ਆਪਣੇ ਟਵੀਟ ਦੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਥੇ ਉਹ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਬਾਹਰ ਖੜੇ ਹੋਏ ਹਨ ਤੇ ਅਮਰੀਕਾ ਦੌਰੇ ਦੌਰਾਨ ਰਾਹੁਲ ਦੇ ਬਿਆਨ ਬਾਰੇ ਗੱਲ ਕਰ ਰਹੇ ਹਨ ਤੇ ਉਨ੍ਹਾਂ ਸਿੱਖ ਕਤਲੇਆਮ ਬਾਰੇ ਕਰੜੇ ਸਵਾਲ ਪੁੱਛ ਰਹੇ ਹਨ।


Baljit Singh

Content Editor

Related News