ਭਾਰਤ ਦੇ ਪਹਿਲੇ ਹਾਈਬ੍ਰਿਡ ਰਾਕੇਟ ਦੀ ਸਫਲ ਲਾਂਚਿੰਗ, 5 ਹਜ਼ਾਰ ਬੱਚਿਆਂ ਨੇ ਬਣਾਏ ਹਨ ਇਹ ਸੈਟੇਲਾਈਟ
Sunday, Feb 19, 2023 - 04:57 PM (IST)
ਨੈਸ਼ਨਲ ਡੈਸਕ- ਦੇਸ਼ ਦੇ ਪਹਿਲੇ ਹਾਈਬ੍ਰਿਡ ਰਾਕੇਟ ਮਿਸ਼ਨ (hybrid rocket mission) ਦੀ ਐਤਵਾਰ ਨੂੰ ਚੇਨਈ 'ਚ ਸਫਲ ਲਾਂਚਿੰਗ ਕੀਤੀ ਗਈ। ਇਸ ਵਿਚ ਦੁਬਾਰਾ ਇਸਤੇਮਾਲ ਹੋਣ ਵਾਲੀ ਲਾਂਚਿੰਗ ਯਾਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਡਾ. ਏ.ਪੀ.ਜੇ. ਅਬਦੁਲ ਕਲਾਮ ਸੈਟੇਲਾਈਟ ਲਾਂਚ ਵ੍ਹੀਕਲ (SLV) ਮਿਸ਼ਨ-2023 ਨਾਮ ਨਾਲ ਕੀਤੀ ਗਈ ਇਸ ਲਾਂਚਿੰਗ 'ਚ ਰਾਕੇਟ 150 PICO ਸੈਟੇਲਾਈਟਸ ਨੂੰ ਲੈ ਕੇ ਗਿਆ ਹੈ ਜਿਨ੍ਹਾਂ ਨੂੰ ਦੇਸ਼ ਭਰ ਦੇ 6ਵੀਂ ਤੋਂ 12ਵੀਂ ਜਮਾਤ ਤਕ ਦੇ 5,000 ਵਿਦਿਆਰਥੀਆਂ ਦੁਆਰਾ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ।
ਮਾਰਟਿਨ ਫਾਊਂਡੇਸ਼ਨ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ (AKIF) ਅਤੇ ਸਪੇਸ ਜ਼ੋਨ ਇੰਡੀਆ ਦੇ ਨਾਲ ਮਿਲ ਕੇ ਇਹ ਮਿਸ਼ਨ ਕੀਤਾ ਹੈ। ਸੈਟੇਲਾਈਟਾਂ ਨੂੰ ਸਾਊਂਡਿੰਗ ਰਾਕੇਟ ਦਾ ਇਸਤੇਮਾਲ ਕਰਕੇ ਵੀ ਲਾਂਚ ਕੀਤਾ ਗਿਆ ਹੈ।
ਏ.ਕੇ.ਆਈ.ਐੱਫ. ਦੀ ਸਥਾਪਨਾ ਮਰਹੂਮ ਰਾਸ਼ਟਰਪਤੀ ਅਤੇ ਉੱਘੇ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੇ ਪੋਤਰਿਆਂ ਨੇ ਕੀਤੀ ਸੀ। ਸਪੇਸ ਜ਼ੋਨ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਡਾਕਟਰ ਆਨੰਦ ਮੇਗਾਲਿੰਗਮ ਨੇ ਦੱਸਿਆ ਕਿ ਰਾਕੇਟ ਕਰੀਬ 5-6 ਕਿਲੋਮੀਟਰ ਦੀ ਉਚਾਈ ਤੱਕ ਉੱਡਿਆ ਅਤੇ ਫਿਰ ਸਮੁੰਦਰ ਵਿੱਚ ਡਿੱਗ ਗਿਆ। ਪੂਰਾ ਮਿਸ਼ਨ ਸਾਢੇ ਅੱਠ ਮਿੰਟ ਚੱਲਿਆ। ਇਸ ਦੌਰਾਨ ਸੈਟੇਲਾਈਟ ਦੁਆਰਾ ਹਰ ਸਕਿੰਟ ਦਾ ਡਾਟਾ ਰਿਕਾਰਡ ਕੀਤਾ ਗਿਆ। ਸੈਟੇਲਾਈਟਾਂ ਦੀ ਸੁਰੱਖਿਅਤ ਲੈਂਡਿੰਗ ਲਈ ਪੈਰਾਸ਼ੂਟ ਲਏ ਗਏ ਸਨ ਅਤੇ ਲੈਂਡਿੰਗ ਤੋਂ ਬਾਅਦ ਸਾਰੇ ਸੈਟੇਲਾਈਟ ਬਰਾਮਦ ਕਰ ਲਏ ਗਏ ਅਤੇ ਉਨ੍ਹਾਂ ਸਾਰਿਆਂ ਤੋਂ ਡਾਟਾ ਇਕੱਠਾ ਕੀਤਾ ਜਾਵੇਗਾ। ਇਨ੍ਹਾਂ ਸੈਟੇਲਾਈਟਾਂ ਦੀ ਮੁੜ ਵਰਤੋਂ ਕੀਤੀ ਜਾਵੇਗੀ।