ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ''ਚ ਇਕ ਨਵਾਂ ਅਧਿਆਏ ਲਿਖਿਆ ਹੈ : PM ਮੋਦੀ

Friday, Jul 14, 2023 - 04:14 PM (IST)

ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ''ਚ ਇਕ ਨਵਾਂ ਅਧਿਆਏ ਲਿਖਿਆ ਹੈ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਤੋਂ ਬਾਅਦ ਕਿਹਾ ਕਿ ਇਹ ਭਾਰਤ ਦੀ ਪੁਲਾੜ ਯਾਤਰਾ 'ਚ ਇਕ ਨਵਾਂ ਅਧਿਆਏ ਹੈ। ਉਨ੍ਹਾਂ ਇਸ ਪ੍ਰਾਪਤੀ ਨੂੰ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਦੱਸਿਆ। ਮੋਦੀ ਨੇ ਯਾਨ ਦੀ ਲਾਂਚਿੰਗ ਦੇ ਤੁਰੰਤ ਬਾਅਦ ਇਕ ਟਵੀਟ 'ਚ ਕਿਹਾ ਕਿ ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ 'ਚ ਇਕ ਨਵਾਂ ਅਧਿਆਏ ਲਿਖਿਆ ਹੈ। ਇਹ ਹਰ ਭਾਰਤੀ ਦੇ ਸੁਫ਼ਨਿਆਂ ਅਤੇ ਇੱਛਾਵਾਂ ਨੂੰ ਉੱਪਰ ਚੁੱਕਦੇ ਹੋਏ ਉੱਚੀ ਉਡਾਣ ਭਰਦਾ ਹੈ। ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ। 

PunjabKesari

ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 ਦੀ ਲਾਂਚਿੰਗ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਪੁਲਾੜ ਦੇ ਖੇਤਰ 'ਚ 14 ਜੁਲਾਈ 2023 ਦਾ ਦਿਨ ਹਮੇਸ਼ਾ ਸੁਨਹਿਰੀ ਅੱਖਰਾਂ 'ਚ ਅੰਕਿਤ ਰਹੇਗਾ ਅਤੇ ਇਹ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਫਨਿਆਂ ਨੂੰ ਅੱਗੇ ਵਧਾਏਗਾ। 

ਦੱਸ ਦੇਈਏ ਕਿ ਚੰਦਰਯਾਨ-3 ਨੇ ਸ਼ੁੱਕਰਵਾਰ ਨੂੰ ਦੁਪਹਿਰ 2.35 ਵਜੇ ਸਫਲਤਾਪੂਰਵਕ ਉਡਾਣ ਭਰੀ। ਚੰਦਰਯਾਨ-3 ਨੂੰ ਲੈ ਕੇ ਜਾਣ ਵਾਲਾ 642 ਟਨ ਭਾਰਾ, 43.5 ਮੀਟਰ ਉੱਚਾ ਰਾਕੇਟ ਐੱਲ.ਵੀ.ਐੱਮ.-3 ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਮੋਦੀ ਨੇ ਲੜੀਵਾਰ ਟਵੀਟ 'ਚ ਕਿਹਾ ਕਿ ਚੰਦਰਯਾਨ-3 ਮਿਸ਼ਨ ਲਈ ਸ਼ੁੱਭਕਾਮਨਾਵਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਿਸ਼ਨ ਅਤੇ ਪੁਲਾੜ, ਵਿਗਿਆਨ ਅਤੇ ਨਵਾਚਾਰ 'ਚ ਕੀਤੀ ਗਈ ਦੇਸ਼ ਦੀ ਪ੍ਰਗਤੀ ਬਾਰੇ ਹੋਰ ਜ਼ਿਆਦਾ ਜਾਣਨ ਦੀ ਅਪੀਲ ਕਰਦਾ ਹਾਂ। ਇਸ ਨਾਲ ਤੁਸੀਂ ਸਾਰੇ ਬੇਹੱਦ ਗੌਰਵਸ਼ਾਲੀ ਮਹਿਸੂਸ ਕਰੋਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-2 ਦੇ ਪ੍ਰਮੁੱਖ ਵਿਗਿਆਨਕ ਨਤੀਜਿਆਂ ਵਿੱਚ ਚੰਦਰਮਾ ਸੋਡੀਅਮ ਲਈ ਪਹਿਲਾ ਗਲੋਬਲ ਮੈਪ, ਕ੍ਰੇਟਰ ਦੇ ਆਕਾਰ ਦੀ ਵੰਡ ਬਾਰੇ ਉੱਨਤ ਜਾਣਕਾਰੀ, ਆਈਆਈਆਰਐਸ ਯੰਤਰ ਨਾਲ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦੀ ਬਰਫ਼ ਦੀ ਸਪੱਸ਼ਟ ਖੋਜ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਨ੍ਹਾਂ ਕਿਾ ਕਿ ਇਹ ਮਿਸ਼ਨ 50 ਦੇ ਕਰੀਬ ਪ੍ਰਕਾਸ਼ਨਾਂ ਵਿੱਚ ਛਪਿਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਭਾਰਤ ਦੇ ਪੁਲਾੜ ਖੇਤਰ ਦਾ ਸਬੰਧ ਹੈ, 14 ਜੁਲਾਈ, 2023 ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਸਾਡਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਸ਼ਾਨਦਾਰ ਮਿਸ਼ਨ ਸਾਡੇ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ।

ਜੇਕਰ ਚੰਦ 'ਤੇ ਯਾਨ ਦੀ 'ਸਾਫਟ ਲੈਂਡਿੰਗ' ਕਰਾਉਣ ਯਾਨੀ ਵਾਹਨ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਦਾ ਇਸਰੋ ਦਾ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜੋ ਅਜਿਹਾ ਕਰਨ ਦੇ ਯੋਗ ਹੋਏ ਹਨ।

ਮੋਦੀ ਨੇ ਕਿਹਾ ਕਿ ਚੰਦਰਯਾਨ-2 ਵੀ ਓਨਾ ਹੀ ਮਹੱਤਵਪੂਰਨ ਸੀ ਕਿਉਂਕਿ ਇਸ ਦੇ ਆਰਬਿਟਰ ਤੋਂ ਮਿਲੇ ਅੰਕੜਿਆਂ ਨੇ ਪਹਿਲੀ ਵਾਰ ਰਿਮੋਟ ਸੈਂਸਿੰਗ ਰਾਹੀਂ ਕ੍ਰੋਮੀਅਮ, ਮੈਂਗਨੀਜ਼ ਅਤੇ ਸੋਡੀਅਮ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ ਅਤੇ ਚੰਦਰਮਾ ਦੇ ਮੈਗਮੈਟਿਕ ਵਿਕਾਸ ਬਾਰੇ ਵੀ ਹੋਰ ਜਾਣਕਾਰੀ ਮਿਲੇਗੀ।


author

Rakesh

Content Editor

Related News