ਸੁਬਰਾਮਣੀਅਮ ਸਵਾਮੀ ਨੇ ਅਗਲੇ ਸਾਲ ਹੋਣ ਵਾਲੀਆਂ UP ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦਾ ਦਿੱਤਾ ਸੰਕੇਤ
Friday, Dec 24, 2021 - 11:00 AM (IST)
ਨਵੀਂ ਦਿੱਲੀ- ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਅਗਲੇ ਸਾਲ ਫ਼ਰਵਰੀ 'ਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਵੀ ਭਵਿੱਖਬਾਣੀ ਕੀਤੀ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾ ਸਕਦੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਨੁਸਾਰ ਵਿਧਾਨ ਸਭਾ ਚੋਣਾਂ ਅਗਲੇ ਸਾਲ ਸਤੰਬਰ ਤੱਕ ਟਾਲੀਆਂ ਜਾ ਸਕਦੀਆਂ ਹਨ। ਸਵਾਮੀ ਨੇ ਟਵੀਟ ਕਰ ਕੇ ਲਿਖਿਆ,''ਓਮੀਕ੍ਰੋਨ ਲਈ ਲਾਕਡਾਊਨ ਅਤੇ ਉੱਤਰ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਸਤੰਬਰ ਤੱਕ ਉੱਤਰ ਪ੍ਰਦੇਸ਼ ਚੋਣਾਂ ਮੁਲਤਵੀ ਕਰਨ ਕਾਰਨ ਹੈਰਾਨ ਨਾ ਹੋਣਾ। ਜੋ ਇਸ ਸਾਲ ਦੀ ਸ਼ੁਰੂਆਤ 'ਚ ਸਿੱਧੇ ਨਹੀਂ ਕੀਤਾ ਜਾ ਸਕਦਾ ਸੀ, ਉਹ ਅਗਲੇ ਸਾਲ ਦੀ ਸ਼ੁਰੂਆਤ 'ਚ ਅਸਿੱਧੇ ਤੌਰ 'ਤੇ ਕੀਤਾ ਜਾ ਸਕਦਾ ਹੈ।''
ਸਵਾਮੀ ਦੀ ਇਹ ਭਵਿੱਖਬਾਣੀ ਇਲਾਹਾਬਾਦ ਹਾਈ ਕੋਰਟ ਦੇ ਇਕ ਜੱਜ ਵਲੋਂ ਨਰਿੰਦਰ ਮੋਦੀ ਤੋਂ ਅਗਲੇ ਸਾਲ ਦੀਆਂ ਚੋਣਾਂ ਰੋਕਣ 'ਤੇ ਵਿਚਾਰ ਕਰਨ ਲਈ ਕਹਿਣ ਦਰਮਿਆਨ ਆਈ ਹੈ। ਹਾਈ ਕੋਰਟ ਦੇ ਜੱਜ ਨੇ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸੀ,''ਭਾਰਤ ਵਰਗੇ ਵਿਸ਼ਾਲ ਦੇਸ਼ 'ਚ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਕੋਰੋਨਾ ਟੀਕਾਕਰਨ ਮੁਹਿੰਮ ਸ਼ਲਾਘਾਯੋਗ ਹੈ ਅਤੇ ਅਦਾਲਤ ਇਸ ਦੀ ਪ੍ਰਸ਼ੰਸਾ ਕਰਦੀ ਸੀ। ਇਸ ਦੇ ਨਾਲ ਜੱਜ ਨੇ ਅਪੀਲ ਕੀਤੀ ਕਿ ਯੂ.ਪੀ. ਚੋਣਾਂ ਮੁਲਤਵੀ ਕਰਨ 'ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਮੀਦ ਉਦੋਂ ਹੀ ਰਹੇਗੀ, ਜਦੋਂ ਤੁਸੀਂ ਜਿਊਂਦੇ ਹੋਵੇਗੇ।''
ਇਹ ਵੀ ਪੜ੍ਹੋ : ਇਲਾਹਾਬਾਦ ਹਾਈ ਕੋਰਟ ਦੀ PM ਮੋਦੀ ਅਤੇ ਚੋਣ ਕਮਿਸ਼ਨ ਨੂੰ ਅਪੀਲ, ਟਾਲ ਦਿਓ UP ਚੋਣਾਂ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ