ਯੂਕ੍ਰੇਨ ਤੋਂ ਪਰਤੇ ਵਿਦਿਆਰਥੀ ਭਾਰਤ ''ਚ ਪੂਰੀ ਕਰ ਸਕਣਗੇ MBBS, ਜਾਣੋ ਕਿਵੇਂ

Saturday, Mar 05, 2022 - 01:01 PM (IST)

ਨਵੀਂ ਦਿੱਲੀ- ਯੁੱਧ ਅਤੇ ਮਹਾਮਾਰੀ ਕਾਰਨ ਵਿਦੇਸ਼ਾਂ ਤੋਂ ਘਰ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਵਿਦੇਸ਼ਾਂ 'ਚ ਇੰਟਰਸ਼ਿਪ ਪੂਰੀ ਨਹੀਂ ਕਰ ਸਕੇ ਗਰੈਜੂਏਟ ਵਿਦਿਆਰਥੀ ਭਾਰਤ 'ਚ ਹੀ ਬਚੀ ਹੋਈ ਸਿਖਲਾਈ ਪੂਰੀ ਕਰ ਸਕਣਗੇ ਜਾਂ ਨਵੀਂ ਇੰਟਰਸ਼ਿਪ ਲਈ ਅਪਲਾਈ ਕਰ ਸਕਣਗੇ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਸਰਕਾਰ ਦਰਮਿਆਨ ਇਸ ਸਬੰਧੀ ਚਰਚਾਵਾਂ ਜਾਰੀ ਹਨ। ਹਾਲਾਂਕਿ ਇਸ ਲਈ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੁੜੇ ਕੁਝ ਜ਼ਰੂਰੀ ਦਸਤਾਵੇਜ਼ ਉਪਲੱਬਧ ਕਰਵਾਉਣੇ ਹੋਣਗੇ। ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਇਸ ਪਹਿਲ ਨਾਲ ਕਾਫ਼ੀ ਮਦਦ ਮਿਲ ਸਕਦੀ ਹੈ। ਅਜਿਹੇ 'ਚ ਸਭ ਤੋਂ ਵਧ ਫ਼ਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ, ਜੋ ਐੱਮ.ਬੀ.ਬੀ.ਐੱਸ. ਦੀ ਸਿੱਖਿਆ ਪੂਰੀ ਹੋਣ ਦੇ ਲਗਭਗ ਅੰਤਿਮ ਦੌਰ 'ਚ ਹਨ। ਖ਼ਾਸ ਗੱਲ ਹੈ ਕਿ ਭਾਰਤ ਦੇ ਨਾਗਰਿਕ ਵੱਡੀ ਗਿਣਤੀ 'ਚ ਯੂਕ੍ਰੇਨ ਦੇ ਕਾਲਜਾਂ 'ਚ ਸਿੱਖਿਆ ਹਾਸਲ ਕਰ ਹੇ ਹਨ। ਇਨ੍ਹਾਂ 'ਚ ਮੈਡੀਕਲ ਐਜ਼ੂਕੇਸ਼ਨ ਲਈ ਵਿਦੇਸ਼ ਗਏ ਵਿਦਿਆਰਥੀਆਂ ਵੀ ਕਾਫ਼ੀ ਗਿਣਤੀ 'ਚ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤੀ ਹਵਾਈ ਫ਼ੌਜ ਦੇ ਤਿੰਨ ਜਹਾਜ਼ 629 ਭਾਰਤੀਆਂ ਨੂੰ ਲੈ ਕੇ ਪਹੁੰਚੇ ਦਿੱਲੀ

ਇਕ ਰਿਪੋਰਟ ਅਨੁਸਾਰ, ਸਰਕਾਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦਰਮਿਆਨ ਵਿਦਿਆਰਥੀਆਂ ਨੂੰ ਭਾਰਤੀ ਕਾਲਜਾਂ ਰਾਹੀਂ ਮਦਦ ਕਰਨ ਦੇ ਸੰਬੰਧ 'ਚ ਚਰਚਾਵਾਂ ਚੱਲ ਰਹੀਆਂ ਹਨ। ਇਸ ਸਹੂਲਤ ਲਈ ਵਿਦਿਆਰਥੀਆਂ ਦਾ ਵਿਦੇਸ਼ੀ ਮੈਡੀਕਲ ਗਰੈਜੂਏਟਸ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੈ। ਨਾਲ ਹੀ ਸਕ੍ਰੀਨ ਟੈਸਟ ਵੀ ਜ਼ਰੂਰੀ ਹੋਵੇਗਾ। ਰਿਪੋਰਟ ਅਨੁਸਾਰ ਕਮਿਸ਼ਨ ਦਾ ਫ਼ੈਸਲਾ ਆਉਣ ਜਾਂ ਐਗਜ਼ਿਟ ਐਗਜ਼ਾਮੀਨੇਸ਼ਨ ਦੇ ਲਾਗੂ ਹੋਣ ਤੱਕ ਐੱਨ.ਐੱਮ.ਸੀ. ਨੇ ਐੱਫ.ਐੱਮ.ਜੀ. ਦੇ ਰਜਿਸਟਰੇਸ਼ਨ ਦੇ ਗਰਾਂਟ ਲਈ ਰਾਜ ਮੈਡੀਕਲ ਕੌਂਸਲਾਂ ਲਈ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਅਤੇ ਪ੍ਰਕਿਰਿਆ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਦੀਆਂ ਯੂਨੀਵਰਸਿਟੀਆਂ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਐੱਫ.ਐੱਮ.ਜੀ.ਈ., ਸਕ੍ਰੀਨਿੰਗ ਟੈਸਟ ਪਾਸ ਕਰਨਾ ਹੋਵੇਗਾ। ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵਿਦਿਆਰਥੀ ਭਾਰਤੀ ਮੈਡੀਕਲ ਗਰੈਜੂਏਟ ਦੇ ਬਰਾਬਰ ਮੰਨੇ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News