ਏਮਜ਼ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ 8ਵੇਂ ਦਿਨ ਵੀ ਜਾਰੀ, ਘੁੰਮ-ਘੁੰਮ ਕੇ ਮੰਗ ਰਹੇ ਦਾਨ

Monday, Aug 22, 2022 - 12:57 PM (IST)

ਏਮਜ਼ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ 8ਵੇਂ ਦਿਨ ਵੀ ਜਾਰੀ, ਘੁੰਮ-ਘੁੰਮ ਕੇ ਮੰਗ ਰਹੇ ਦਾਨ

ਨਵੀਂ ਦਿੱਲੀ– ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਪੈਰਾ-ਮੈਡੀਕਲ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦਿਆਰਥੀ ਹੋਸਟਲ ਦੀ ਮੰਗ ਨੂੰ ਲੈ ਕੇ ਲਗਾਤਾਰ 8 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਦੇ ਨਾਲ-ਨਾਲ ਜਿੱਥੇ ਵਿਦਿਆਰਥੀ ਏਮਜ਼ ਕੈਂਪਸ ਤੋਂ ਇਲਾਵਾ ਹੋਸਟਲ ਬਣਾਉਣ ਲਈ ਸੜਕਾਂ ’ਤੇ ਉਤਰ ਕੇ ਲੋਕਾਂ ਤੋਂ ਚੰਦੇ ਦੀ ਮੰਗ ਕਰ ਰਹੇ ਹਨ, ਉਥੇ ਹੀ ਕੁਝ ਵਿਦਿਆਰਥੀ ਏਮਜ਼ ਦੇ ਡਾਇਰੈਕਟਰ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੇ ਹਨ।

ਵਿਦਿਆਰਥੀਆਂ ਦਾ ਦੋਸ਼ ਹੈ ਕਿ ਏਮਜ਼ ਪ੍ਰਸ਼ਾਸਨ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਵਿਦਿਆਰਥੀਆਂ ਨੂੰ ਹੋਸਟਲ ਮੁਹੱਈਆ ਕਰਵਾਉਣ ਦੀ ਬਜਾਏ ਕਾਰਨ ਦੱਸੋ ਨੋਟਿਸ ਜਾਰੀ ਕਰ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਏਮਜ਼ ਦਾ ਕਹਿਣਾ ਹੈ ਕਿ ਉਸ ਕੋਲ ਹੋਸਟਲ ਬਣਾਉਣ ਲਈ ਪੈਸੇ ਨਹੀਂ ਹਨ, ਅਜਿਹੇ ’ਚ ਵਿਦਿਆਰਥੀ ਦੇਸ਼ ਦੀ ਮਸ਼ਹੂਰ ਸੰਸਥਾ ਲਈ ਹੋਸਟਲ ਬਣਾਉਣ ਲਈ ਘੁੰਮ-ਘੁੰਮ ਕੇ ਦਾਨ ਮੰਗ ਰਹੇ ਹਨ, ਤਾਂ ਜੋ ਵਿਦਿਆਰਥੀਆਂ ਦੇ ਸੁਰੱਖਿਅਤ ਰਹਿਣ ਲਈ ਹੋਸਟਲ ਬਣਾਇਆ ਜਾ ਸਕੇ।

ਵਰਦੀ ਪਾ ਕੇ ਮੰਗ ਰਹੇ ਦਾਨ
ਏਮਜ਼ ਦੇ ਵਿਦਿਆਰਥੀਆਂ ਦੀ ਵਾਇਰਲ ਹੋ ਰਹੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਦੀ ਵਰਦੀ ’ਚ ਏਮਜ਼ ਦੇ ਵਿਦਿਆਰਥੀ ਹੱਥਾਂ ’ਚ ਡੋਨੇਸ਼ਨ ਬਾਕਸ ਲੈ ਕੇ ਜਗ੍ਹਾ-ਜਗ੍ਹਾ ਲੋਕਾਂ ਤੋਂ ਮਦਦ ਲਈ ਪੈਸੇ ਮੰਗ ਰਹੇ ਹਨ। ਇਹ ਵੀਡੀਓ ਇਕ ਗੁਰਦੁਆਰੇ ਦੀ ਹੈ ਜਿਸ ’ਚ ਵਿਦਿਆਰਥੀ ਡੋਨੇਸ਼ਨ ਬਾਕਸ ਲੈ ਕੇ ਗੁਰਦੁਆਰੇ ਦੇ ਅੰਦਰ ਲੋਕਾਂ ਤੋਂ ਡੋਨੇਸ਼ਨ ਮੰਗ ਰਿਹਾ ਹੈ। ਇਸੇ ਤਰ੍ਹਾਂ ਏਮਜ਼ ਹਸਪਤਾਲ ’ਚ ਵੀ ਵੱਖ-ਵੱਖ ਵਿਦਿਆਰਥੀ ਕੁਝ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਡੋਨੇਸ਼ਨ ਮੰਗਦੇ ਨਜ਼ਰ ਆਏ।


author

Rakesh

Content Editor

Related News