ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ
Saturday, Sep 16, 2023 - 12:12 PM (IST)

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਸਕੂਲ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਧਿਆਪਕ ਵਲੋਂ ਵਿਦਿਆਰਥੀ ਨੂੰ ਥੱਪੜ ਮਾਰਨ ਨਾਲ ਗੰਭੀਰ ਬੀਮਾਰੀ ਸਬਡਿਊਰਲ ਹੈਮਰੇਜ ਹੋ ਗਿਆ। ਜਿਸ ਕਾਰਨ ਹੁਣ 13 ਸਾਲਾ ਵਿਦਿਆਰਥੀ ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹਾ ਹੈ। ਵਿਦਿਆਰਥੀ ਦਾ ਨਾਮ ਅਨੁਜ ਸ਼ੁਕਲਾ ਹੈ, ਜਿਸ ਦਾ ਇਲਾਜ ਪਹਿਲੇ ਰੀਵਾ ਦੇ ਸੰਜੇ ਗਾਂਧੀ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਹੁਣ ਉਸ ਨੂੰ ਸਰਜਰੀ ਲਈ ਨਾਗਪੁਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਹੈ। ਵਿਦਿਆਰਥੀ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ ਪਿਛਲੇ 4 ਦਿਨਾਂ ਤੋਂ ਨਾਗਪੁਰ ਦੇ ਨਿਓਰੇਨ ਹਸਪਤਾਲ 'ਚ ਵੈਂਟੀਲੇਟਰ 'ਤੇ ਹੈ ਅਤੇ ਸਰਜਰੀ ਕੀਤੀ ਜਾ ਰਹੀ ਹੈ। ਪੀੜਤ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮਿਊਜ਼ਿਕ ਟੀਚਰ ਰਿਸ਼ਭ ਪਾਂਡੇ ਨੇ ਕਲਾਸ ਦੌਰਾਨ ਮੁੰਡੇ ਨੂੰ ਥੱਪੜ ਮਾਰਿਆ ਅਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਵਿਦਿਆਰਥੀ ਦੇ ਕੰਨ ਕੋਲ ਸੋਜ ਆ ਗਈ। ਪਰਿਵਾਰ ਨੇ ਕਿਹਾ ਕਿ ਅਧਿਆਪਕ ਨੇ ਲਗਭਗ ਇਕ ਮਹੀਨੇ ਪਹਿਲਾਂ ਵੀ ਉਸ ਨੂੰ ਥੱਪੜ ਮਾਰਿਆ ਸੀ।
ਇਹ ਵੀ ਪੜ੍ਹੋ : ਮਹਾਦੇਵ ਸੱਟੇਬਾਜ਼ੀ ਮਾਮਲੇ 'ਚ ED ਦੀ ਵੱਡੀ ਕਾਰਵਾਈ, 417 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਉਨ੍ਹਾਂ ਦੋਸ਼ ਲਗਾਇਆ ਕਿ ਐੱਮ.ਐੱਲ.ਸੀ. ਰਿਪੋਰਟ 'ਚ ਸਪੱਸ਼ਟ ਰੂਪ ਨਾਲ ਜ਼ਿਕਰ ਕੀਤਾ ਗਿਆ ਸੀ ਕਿ ਅਧਿਆਪਕ ਵਲੋਂ ਕੁੱਟਮਾਰ ਕਾਰਨ ਮੁੰਡੇ ਨੂੰ ਸੱਟਾਂ ਲੱਗੀਆਂ ਹਨ, ਇਸ ਦੇ ਬਾਵਜੂਦ ਸਕੂਲ ਪ੍ਰਬੰਧਨ ਨੇ ਪਾਂਡੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਹੀ ਹੁਣ ਰੀਵਾ ਦੇ ਐਡੀਸ਼ਨਲ ਐੱਸ.ਪੀ. ਅਨਿਲ ਸੋਨਕਰ ਨੇ ਦੱਸਿਆ ਕਿ ਪਰਿਵਾਰ ਨੇ 11 ਸਤੰਬਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਸੋਨਕਰ ਨੇ ਕਿਹਾ ਕਿ ਮਾਤਾ-ਪਿਤਾ ਨੇ ਮੁੰਡੇ ਦੇ ਕੰਨ ਕੋਲ ਸੋਜ ਦੇਖੀ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਖ਼ੁਦ ਹੀ ਇਸ ਦਾ ਇਲਾਜ ਕੀਤਾ, ਜਿਸ ਤੋਂ ਬਾਅਦ ਇਹ ਸੋਜ ਵਧਦੀ ਗਈ ਅਤੇ ਮੁੰਡੇ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੂੰ ਪਤਾ ਲੱਗਾ ਕਿ ਉਸ ਨੂੰ ਕੰਨ ਨੇੜੇ ਗੰਭੀਰ ਸੱਟ ਲੱਗੀ ਹੈ ਅਤੇ ਇਸ ਦੀ ਸਰਜਰੀ ਦੀ ਲੋੜ ਹੈ। ਐਡੀਸ਼ਨਲ ਐੱਸ.ਪੀ. ਅਨਿਲ ਸੋਨਕਰ ਨੇ ਕਿਹਾ ਕਿ ਅਧਿਆਪਕ 'ਤੇ ਆਈ.ਪੀ.ਸੀ. ਦੀ ਧਾਰਾ 308, 323 ਅਤੇ ਜੇ.ਜੇ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8