ਸਕੂਲ ਤੋਂ ਆ ਰਹੀ ਵਿਦਿਆਰਥਣ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
Tuesday, Dec 18, 2018 - 05:56 PM (IST)
ਆਗਰਾ— ਇੱਥੋਂ ਦੇ ਮਲਪੁਰਾ ਖੇਤਰ 'ਚ ਮੰਗਲਵਾਰ ਨੂੰ ਦਿਨਦਿਹਾੜੇ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਾਈਕ ਸਵਾਰ 2 ਨੌਜਵਾਨਾਂ ਨੇ ਵਿਦਿਆਰਥਣ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਗੰਭੀਰ ਹਾਲਤ 'ਚ ਉਸ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੁਪਹਿਰ ਨੂੰ ਵਿਦਿਆਰਥਣ ਸਕੂਲ ਤੋਂ ਆਪਣੇ ਘਰ ਆ ਰਹੀ ਸੀ, ਉਦੋਂ ਆਗਰਾ ਜਗਨੇਰ ਰੋਡ 'ਤੇ ਬਾਈਕ ਸਵਾਰ 2 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਨੌਜਵਾਨਾਂ ਨੇ ਵਿਦਿਆਰਥਣ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਵਾਰਦਾਤ ਨੂੰ ਅੰਜਾਮ ਦੇ ਕੇ ਬਾਈਕ ਸਵਾਰ ਫਰਾਰ ਹੋ ਗਏ।
ਇਸ ਦੌਰਾਨ ਉੱਥੋਂ ਇਕ ਬੱਸ ਲੰਘ ਰਹੀ ਸੀ। ਚਾਲਕ ਨੇ ਬੱਸ ਰੋਕੀ ਅਤੇ ਕਿਸੇ ਤਰ੍ਹਾਂ ਵਿਦਿਆਰਥਣ ਦੀ ਅੱਗ ਬੁਝਾਈ। ਸੂਚਨਾ ਮਿਲਦੇ ਹੀ ਥਾਣਾ ਪੁਲਸ ਨਾਲ ਪਰਿਵਾਰ ਵਾਲੇ ਪੁੱਜ ਗਏ। ਜਲਦੀ 'ਚ ਵਿਦਿਆਰਥਣ ਨੂੰ ਆਗਰਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉੱਥੇ ਹੀ ਪੁਲਸ ਨੂੰ ਮੌਕੇ 'ਤੇ ਖਾਲੀ ਬੋਤਲ ਅਤੇ ਲਾਈਟਰ ਮਿਲਿਆ ਹੈ। ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਵਿਦਿਆਰਥਣ ਬੇਹੋਸ਼ ਹੈ, ਉਸ ਦਾ ਬਰਨ ਵਾਰਡ 'ਚ ਇਲਾਜ ਚੱਲ ਰਿਹਾ ਹੈ।
