ਤੇਜ਼ ਹਨੇਰੀ ਕਾਰਨ ਦਿੱਲੀ ਦੀ ਜਾਮਾ ਮਸਜਿਦ ਦਾ ਗੁੰਬਦ ਟੁੱਟਾ, 2 ਲੋਕ ਜ਼ਖਮੀ

Monday, May 30, 2022 - 08:21 PM (IST)

ਨਵੀਂ ਦਿੱਲੀ : ਸੋਮਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅਚਾਨਕ ਮੌਸਮ ਬਦਲ ਗਿਆ ਅਤੇ ਆਸਮਾਨ 'ਚ ਕਾਲੇ ਬੱਦਲ ਛਾ ਗਏ। ਹਨੇਰੀ ਤੇ ਉਸ ਤੋਂ ਬਾਅਦ ਹੋਈ ਭਾਰੀ ਬਾਰਿਸ਼ ਕਾਰਨ ਇਤਿਹਾਸਕ ਜਾਮਾ ਮਸਜਿਦ ਦੇ ਗੁੰਬਦ ਅਤੇ ਹੋਰ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਦੱਸਿਆ ਕਿ ਮਸਜਿਦ ਦੇ ਇਕ ਮੀਨਾਰ ਅਤੇ ਦੂਜੇ ਹਿੱਸਿਆਂ ਤੋਂ ਪੱਥਰ ਡਿੱਗਣ ਨਾਲ 2 ਲੋਕ ਜ਼ਖਮੀ ਹੋ ਗਏ।

PunjabKesari

ਬੁਖਾਰੀ ਨੇ ਕਿਹਾ, “ਮੁੱਖ ਗੁੰਬਦ ਦਾ ਕਲਸ਼ ਟੁੱਟ ਗਿਆ ਅਤੇ ਡਿੱਗ ਗਿਆ। ਨੁਕਸਾਨ ਤੋਂ ਬਚਣ ਲਈ ਇਸ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ। ਮਸਜਿਦ ਦੇ ਢਾਂਚੇ 'ਚੋਂ ਕੁਝ ਹੋਰ ਪੱਥਰ ਵੀ ਡਿੱਗ ਪਏ। ਮੈਂ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੀ ਮਦਦ ਨਾਲ ਮਸਜਿਦ ਦੀ ਤੁਰੰਤ ਮੁਰੰਮਤ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ।” ਦਿੱਲੀ ਦੇ ਵਿਜੇ ਚੌਕ 'ਚ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ।

PunjabKesari

ਦਿੱਲੀ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਜਾਮਾ ਮਸਜਿਦ ਦਾ ਮੁਆਇਨਾ ਕਰਨ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਟੀਮ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਵਿਜੇ ਚੌਕ, ਦਿਲਸ਼ਾਦ ਗਾਰਡ, ਮਾਲਵੀਆ ਨਗਰ, ਲੋਧੀ ਰੋਡ, ਦਿਲਸ਼ਾਦ ਕਾਲੋਨੀ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਫਿਰੋਜ਼ਸ਼ਾਹ ਰੋਡ 'ਤੇ ਕਈ ਦਰੱਖਤ ਡਿੱਗ ਗਏ ਹਨ। ਭਾਰੀ ਟ੍ਰੈਫਿਕ ਜਾਮ ਹੈ। ਟ੍ਰੈਫਿਕ ਕਾਰਨ ਆਵਾਜਾਈ ਅੱਗੇ ਨਹੀਂ ਵਧ ਰਹੀ। ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਸੇ ਦੌਰਾਨ ਦਿੱਲੀ 'ਚ ਇੰਨੀ ਤੇਜ਼ ਹਨੇਰੀ ਨਾਲ ਮੀਂਹ ਪਿਆ ਕਿ ਭਾਜਪਾ ਦੇ ਬਾਹਰੀ ਦਿੱਲੀ ਦੇ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੀ ਕਾਰ ਵੀ ਇਸ ਦੀ ਲਪੇਟ 'ਚ ਆ ਗਈ। 20, ਵਿੰਡਸਰ ਪਲੇਸ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਇਕ ਵੱਡਾ ਦਰੱਖਤ ਕਾਰ 'ਤੇ ਡਿੱਗ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ।

PunjabKesari


Mukesh

Content Editor

Related News