ਮੌਸਮ ਲਵੇਗਾ ਕਰਵਟ, 24 ਤੋਂ 28 ਮਾਰਚ ਤੱਕ ਤੇਜ਼ ਹਨ੍ਹੇਰੀ, ਪਵੇਗਾ ਮੀਂਹ
Monday, Mar 24, 2025 - 11:40 AM (IST)

ਨਵੀਂ ਦਿੱਲੀ- ਮਾਰਚ ਮਹੀਨੇ 'ਚ ਜਿੱਥੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ, ਉੱਥੇ ਹੀ ਸੋਮਵਾਰ ਤੋਂ ਯਾਨੀ ਕਿ ਅੱਜ ਤੋਂ ਪੱਛਮੀ ਹਿਮਾਲੀਅਨ ਖੇਤਰ 'ਚ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਰਾਤ ਤੋਂ ਨਵਾਂ ਪੱਛਮੀ ਗੜਬੜ ਸਰਗਰਮ ਹੋਣ ਜਾ ਰਿਹਾ ਹੈ। 24 ਤੋਂ 28 ਮਾਰਚ ਤੱਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਤੇਜ਼ ਹਨ੍ਹੇਰੀ, ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਜਦਕਿ 26 ਮਾਰਚ ਨੂੰ ਕੁਝ ਇਲਾਕਿਆਂ 'ਚ ਮੋਹਲੇਧਾਰ ਮੀਂਹ ਪੈ ਸਕਦਾ ਹੈ। 24 ਤੋਂ 27 ਮਾਰਚ ਤੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਵੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਪਮਾਨ 'ਚ ਵਾਧਾ, ਖਾਸ ਕਰ ਕੇ ਉੱਤਰ-ਪੱਛਮੀ ਭਾਰਤ 'ਚ
ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ ਭਾਰਤ ਵਿਚ ਅਗਲੇ 3-4 ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 'ਚ 2-4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਮੱਧ ਭਾਰਤ ਅਤੇ ਅੰਦਰੂਨੀ ਮਹਾਰਾਸ਼ਟਰ 'ਚ ਤਾਪਮਾਨ ਵਿਚ 2-3 ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ। ਗੁਜਰਾਤ 'ਚ ਵੀ 24 ਅਤੇ 25 ਮਾਰਚ ਨੂੰ ਤੱਟਵਰਤੀ ਇਲਾਕਿਆਂ 'ਚ ਹੀਟ ਵੇਵ ਆਉਣ ਦੀ ਸੰਭਾਵਨਾ ਹੈ, ਹਾਲਾਂਕਿ ਇਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਦਿੱਲੀ ਸਮੇਤ ਕਈ ਵੱਡੇ ਸ਼ਹਿਰਾਂ 'ਚ ਸੂਰਜ ਦੀ ਤਪਸ਼ ਹੋਰ ਤੇਜ਼ ਹੋ ਸਕਦੀ ਹੈ। ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਆਸਮਾਨ ਸਾਫ ਰਹੇਗਾ ਪਰ ਦਿਨ ਵੇਲੇ ਤਾਪਮਾਨ ਵਧੇਗਾ, ਜਿਸ ਕਾਰਨ ਗਰਮੀ ਦਾ ਅਹਿਸਾਸ ਹੋਰ ਵਧੇਗਾ। ਅਗਲੇ ਕੁਝ ਦਿਨਾਂ 'ਚ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 34-38 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।
ਤੇਜ਼ ਹਵਾਵਾਂ ਅਤੇ ਬਰਫ਼ਬਾਰੀ: ਹੋਰ ਸੂਬਿਆਂ 'ਚ ਵੀ ਮੌਸਮ ਦਾ ਅਸਰ
ਐਤਵਾਰ ਨੂੰ ਉੱਤਰਾਖੰਡ, ਝਾਰਖੰਡ, ਓਡੀਸ਼ਾ, ਰਾਇਲਸੀਮਾ, ਤੇਲੰਗਾਨਾ ਅਤੇ ਦੱਖਣੀ ਅੰਦਰੂਨੀ ਕਰਨਾਟਕ 'ਚ ਕਈ ਥਾਵਾਂ 'ਤੇ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲੀਆਂ। ਓਡੀਸ਼ਾ ਅਤੇ ਕੇਰਲ ਵਿਚ ਵੀ ਭਾਰੀ ਮੀਂਹ ਪਿਆ, ਜਦੋਂ ਕਿ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਮਣੀਪੁਰ ਸਮੇਤ ਹੋਰ ਉੱਤਰ-ਪੂਰਬੀ ਰਾਜਾਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।