16 ਜ਼ਿਲ੍ਹਿਆਂ 'ਚ ਪਵੇਗਾ ਮੀਂਹ! ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ

Thursday, May 01, 2025 - 10:28 AM (IST)

16 ਜ਼ਿਲ੍ਹਿਆਂ 'ਚ ਪਵੇਗਾ ਮੀਂਹ! ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ

ਨੈਸ਼ਨਲ ਡੈਸਕ- ਉੱਤਰ ਭਾਰਤ 'ਚ ਕੜਾਕੇ ਦੀ ਗਰਮੀ ਦਾ ਦੌਰ ਜਾਰੀ ਹੈ। ਕਈ ਸੂਬਿਆਂ ਵਿਚ ਤਾਪਮਾਨ 35 ਤੋਂ 40 ਡਿਗਰੀ ਵਿਚਕਾਰ ਬਣਿਆ ਹੋਇਆ ਹੈ। ਜੇਕਰ ਗੱਲ ਬਿਹਾਰ ਦੀ ਕਰੀਏ ਤਾਂ ਬਿਹਾਰ ਵਿਚ ਮੌਸਮ ਪਿਛਲੇ ਕੁਝ ਦਿਨਾਂ ਤੋਂ ਵਿਗੜਿਆ ਹੋਇਆ ਹੈ ਅਤੇ ਇਹ ਫਿਲਹਾਲ ਬਦਲਣ ਵਾਲਾ ਨਹੀਂ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲਗਾਤਾਰ ਹਨ੍ਹੇਰੀ ਅਤੇ ਮੀਂਹ ਦਾ ਦੌਰ ਜਾਰੀ ਹੈ। ਹਾਲਾਂਕਿ ਮਈ ਦੇ ਪਹਿਲੇ ਦਿਨ ਕੁਝ ਜ਼ਿਲ੍ਹਿਆਂ ਵਿਚ ਰਾਹਤ ਮਿਲੇਗੀ। ਮੌਸਮ ਵਿਭਾਗ (IMD) ਨੇ ਅਗਲੇ ਕੁਝ ਦਿਨਾਂ ਲਈ ਕਈ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ, ਤੇਜ਼ ਹਨ੍ਹੇਰੀ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। IMD ਨੇ ਸਾਫ਼ ਕਰ ਦਿੱਤਾ ਹੈ ਕਿ ਬਿਹਾਰ 'ਚ ਮੌਸਮ ਦਾ ਮਿਜਾਜ਼ ਅਗਲੇ 3-4 ਦਿਨਾਂ ਤੱਕ ਅਜਿਹਾ ਹੀ ਬਣਿਆ ਰਹੇਗਾ। ਬਿਹਾਰ ਦੇ 16 ਜ਼ਿਲ੍ਹਿਆਂ ਲਈ ਮੀਂਹ, ਹਨ੍ਹੇਰੀ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਤਾਪਮਾਨ 'ਚ 2 ਤੋਂ 5 ਡਿਗਰੀ ਸੈਲਸੀਅਸ ਤੱਕ ਵਾਧੇ ਦੀ ਸੰਭਾਵਨਾ

ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 5 ਡਿਗਰੀ ਸੈਲਸੀਅਸ ਤੱਕ ਦੇ ਵਾਧੇ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਬਾਅਦ ਤਾਪਮਾਨ 'ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਬਿਹਾਰ ਦੇ ਸੀਵਾਨ ਅਤੇ ਸਾਰਣ ਜ਼ਿਲ੍ਹਿਆਂ ਲਈ ਬਿਜਲੀ ਡਿੱਗਣ, ਗੜੇਮਾਰੀ ਅਤੇ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਨਾਲ ਹੀ ਜ਼ਿਲ੍ਹਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ 'ਚ ਵੀ ਵਿਗੜੇਗਾ ਮੌਸਮ ਦਾ ਮਿਜਾਜ਼

ਮੌਸਮ ਵਿਭਾਗ ਨੇ ਬਿਹਾਰ ਦੇ ਗੋਲਾਪਗੰਜ, ਸੀਵਾਨ, ਸਾਰਣ, ਸ਼ੇਖਪੁਰਾ, ਸਮਸਤੀਪੁਰ, ਵੈਸ਼ਾਲੀ, ਪਟਨਾ, ਭੋਜਪੁਰ, ਗਯਾ, ਲਖੀਸਰਾਏ, ਜਮੁਈ, ਨਾਲੰਦਾ ਅਤੇ ਨਵਾਦਾ ਜ਼ਿਲ੍ਹਿਆਂ ਵਿਚ ਗੜੇਮਾਰੀ, ਬਿਜਲੀ ਡਿੱਗਣ ਅਤੇ ਮੀਂਹ ਦਾ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ।


author

Tanu

Content Editor

Related News