28 ਫੀਸਦੀ ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ’ਤੇ ਅਪਰਾਧਿਕ ਮਾਮਲੇ, ਜਿਨ੍ਹਾਂ ''ਚੋਂ 17 ਅਰਬਪਤੀ
Wednesday, Apr 30, 2025 - 11:04 PM (IST)

ਨਵੀਂ ਦਿੱਲੀ (ਭਾਸ਼ਾ)-ਦੇਸ਼ ਭਰ ਵਿਚ 17 ਮਹਿਲਾ ਸੰਸਦ ਮੈਂਬਰ ਅਤੇ ਵਿਧਾਇਕ ਹਨ, ਜਿਨ੍ਹਾਂ ਆਪਣੇ ਆਪ ਨੂੰ ਅਰਬਪਤੀ ਐਲਾਨਿਆ ਹੈ, ਜਦੋਂ ਕਿ ਉਨ੍ਹਾਂ ਵਿਚੋਂ 28 ਫੀਸਦੀ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਹੋਣ ਦੀ ਜਾਣਕਾਰੀ ਦਿੱਤੀ ਹੈ। ਚੋਣ ਅਧਿਕਾਰਾਂ ਨਾਲ ਸਬੰਧਤ ਸੰਗਠਨ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਨੇ ਆਪਣੇ ਵਿਸ਼ਲੇਸ਼ਣ ਵਿਚ ਇਹ ਜਾਣਕਾਰੀ ਦਿੱਤੀ ਹੈ।ਲੋਕ ਸਭਾ ਵਿਚ 75 ਮਹਿਲਾ ਸੰਸਦ ਮੈਂਬਰਾਂ ਵਿਚੋਂ 6, ਰਾਜ ਸਭਾ ਵਿਚ 37 ਵਿਚੋਂ 3 ਅਤੇ ਰਾਜ ਅਤੇ ਕੇਂਦਰ ਸ਼ਾਸਤ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ 400 ਮਹਿਲਾ ਵਿਧਾਇਕਾਂ ਵਿਚੋਂ 8 ਅਰਬਪਤੀ ਹਨ।
ਮੌਜੂਦਾ 513 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ਵਿਚੋਂ 512 ਵੱਲੋਂ ਪੇਸ਼ ਹਲਫਨਾਮਿਆਂ ਦੇ ਆਧਾਰ ’ਤੇ ਤਿਆਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ 143, ਭਾਵ 28 ਫੀਸਦੀ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ। ਹੇਠਲੇ ਸਦਨ ਦੀਆਂ ਇਨ੍ਹਾਂ 75 ਮਹਿਲਾ ਸੰਸਦ ਮੈਂਬਰਾਂ ਵਿਚੋਂ 24 (32 ਫੀਸਦੀ), ਉੱਚ ਸਦਨ ਵਿਚ 37 ਮਹਿਲਾ ਸੰਸਦ ਮੈਂਬਰਾਂ ਵਿਚੋਂ 10 (27 ਫੀਸਦੀ) ਅਤੇ 400 ਮਹਿਲਾ ਵਿਧਾਇਕਾਂ (ਸਾਰੀਆਂ ਰਾਜ ਵਿਧਾਨ ਸਭਾਵਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ) ਵਿਚੋਂ 109 (27 ਫੀਸਦੀ) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਇਸ ਤੋਂ ਇਲਾਵਾ 78 ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ (15 ਫੀਸਦੀ) ’ਤੇ ਵੀ ਕਤਲ ਦੀ ਕੋਸ਼ਿਸ਼ ਅਤੇ ਇੱਥੋਂ ਤੱਕ ਕਿ ਕਤਲ ਵਰਗੇ ਗੰਭੀਰ ਅਪਰਾਧਿਕ ਦੋਸ਼ ਹਨ।