ਇਟਲੀ ਤੋਂ ਸਬਕ ਸਿੱਖ ਕੇ ਭਾਰਤ ਵਿਚ ਵੀ ਚੁੱਕੇ ਜਾਣ ਸਖ਼ਤ ਕਦਮ : ਚਿਦਾਂਬਰਮ
Monday, Mar 23, 2020 - 11:35 PM (IST)

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਲਾਕਡਾਊਨ ਦੀ ਹਮਾਇਤ ਕਰਦਿਆਂ ਸੋਮਵਾਰ ਕਿਹਾ ਕਿ ਇਟਲੀ ਤੋਂ ਸਬਕ ਸਿੱਖ ਕੇ ਭਾਰਤ ਵਿਚ ਵੀ ਸਖ਼ਤ ਕਦਮ ਚੁੱਕੇ ਜਾਣ ਦੀ ਤੁਰੰਤ ਲੋੜ ਹੈ। ਉਨ੍ਹਾਂ ਇਕ ਬਿਆਨ ਰਾਹੀਂ ਕਿਹਾ ਕਿ ਕੇਂਦਰ ਨੂੰ ਹੁਣ ਆਰਥਿਕ ਕਦਮਾਂ ਦਾ ਐਲਾਨ ਕਰਨਾ ਚਾਹੀਦਾ ਹੈ। ਜਨਤਾ ਕਰਫਿਊ ਖਤਮ ਹੋ ਗਿਆ ਹੈ। ਇਸ ਤਜਰਬੇ ਨੇ ਕਈ ਮੁੱਖ ਮੰਤਰੀਆਂ ਨੂੰ ਆਪਣੇ ਸੂਬੇ ਦੇ ਕਈ ਹਿੱਸਿਆਂ ਵਿਚ ਤਾਲਾਬੰਦੀ ਦਾ ਐਲਾਨ ਕਰਨ ਲਈ ਪ੍ਰੇਰਿਤ ਕੀਤਾ। ਸਾਨੂੰ ਇਸ ਹਿੰਮਤੀ ਕਦਮ ਲਈ ਮੁੱਖ ਮੰਤਰੀਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਆਰਥਿਕ ਦੁਖ ਹੋ ਰਿਹਾ ਹੈ ਪਰ ਵੱਡੀ ਪੱਧਰ ’ਤੇ ਜਾਨੀ ਨੁਕਸਾਨ ਨੂੰ ਬਚਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਖ਼ਤ ਕਦਮ ਚੁੱਕਣ ਨਾਲ ਹੀ ਕੋਰੋਨਾ ਦਾ ਪਸਾਰ ਰੁਕੇਗਾ। ਸਰਕਾਰ ਨੂੰ ਬਿਨਾਂ ਕਿਸੇ ਡਰ ਤੋਂ ਹਿੰਮਤੀ ਕਦਮ ਚੁੱਕਣੇ ਚਾਹੀਦੇ ਹਨ।