ਭਾਜਪਾ ਉਮੀਦਵਾਰ ''ਤੇ ਜਾਨਲੇਵਾ ਹਮਲਾ, ਲੋਕਾਂ ਨੇ ਇੱਟਾਂ ਮਾਰ-ਮਾਰ ਦੌੜਾਇਆ (ਵੀਡੀਓ)

Saturday, May 25, 2024 - 07:45 PM (IST)

ਕੋਲਕਾਤਾ- ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ 8 ਸੀਟਾਂ 'ਤੇ ਵੋਟਿੰਗ ਹੋਈ। ਇਸ ਵਿਚਕਾਰ ਝਾਰਗ੍ਰਾਮ ਦੇ ਮੋਂਗਲਪੋਟਾ 'ਚ ਭਾਜਪਾ ਨੇਤਾ ਅਤੇ ਝਾਰਗ੍ਰਾਮ ਤੋਂ ਉਮੀਦਵਾਰ ਪ੍ਰਣਤ ਟੁਡੂ 'ਤੇ ਹਮਲਾ ਹੋ ਗਿਆ। ਪ੍ਰਣਤ 'ਤੇ ਪੱਥਰਾਂ ਨਾਲ ਹਮਲਾ ਹੋਇਆ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਇਸ ਵਿਚ ਭਾਜਪਾ ਨੇਤਾ, ਉਨ੍ਹਾਂ ਦੇ ਸਮਰਥਕ ਦੌੜਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ ਨੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਬੜੀ ਮੁਸ਼ਕਿਲ ਨਾਲ ਬਚਾਅ ਕੇ ਕੱਢਿਆ। ਪ੍ਰਣਤ ਟੁਡੂ ਨੇ ਹਮਲੇ ਨੂੰ ਲੈ ਕੇ ਮਮਤਾ ਸਰਕਾਰ 'ਤੇ ਦੋਸ਼ ਲਗਾਏ। 

ਭਾਜਪਾ ਨੇਤਾ ਪ੍ਰਣਤ ਟੁਡੂ ਨੇ ਦਾਅਵਾ ਕੀਤਾ ਕਿ ਪੱਛਮ ਮਿਦਨਾਪੁਰ ਜ਼ਿਲ੍ਹੇ ਦੇ ਗਰਬੇਟਾ ਇਲਾਕੇ 'ਚ ਉਨ੍ਹਾਂ ਨੇ ਕਾਫ਼ਿਲੇ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਨਾ ਪਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਟੁਡੂ ਕੁਝ ਵੋਟਿੰਗ ਕੇਂਦਰਾਂ ਦੇ ਅੰਦਰ ਭਾਜਪਾ ਏਜੰਟਾਂ ਨੂੰ ਐਂਟਰੀ ਦੀ ਮਨਜ਼ੂਰੀ ਨਾ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਗਾਰਬੇਟਾ ਜਾ ਰਹੇ ਸਨ। ਹਾਲਾਤ ਨੂੰ ਕਾਬੂ 'ਚ ਕਰਨ ਲਈ ਇਕ ਵੱਡੀ ਪੁਲਸ ਟੁਕੜੀ ਨੂੰ ਇਲਾਕੇ 'ਚ ਭੇਜਿਆ ਗਿਆ। 

ਨਿਊਜ਼ ਏਜੰਸੀ ਪੀ.ਟੀ.ਆਈ. ਮੁਤਾਬਕ, ਟੁਡੂ ਨੇ ਕਿਹਾ ਕਿ ਟੀ.ਐੱਮ.ਸੀ. ਦੇ ਗੁੰਡਿਆਂ ਨੇ ਅਚਾਨਕ ਹੀ ਮੇਰੀ ਕਾਰ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੜਕ ਬਲਾਕ ਕਰ ਦਿੱਤੀ। ਜਦੋਂ ਮੇਰੇ ਸੁਰੱਖਿਆ ਕਰਮਚਾਰੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਖ਼ਮੀ ਹੋ ਗਏ। ਮੇਰੇ ਨਾਲ ਆਏ ਸੀ.ਆਈ.ਐੱਸ.ਐੱਫ. ਦੇ ਦੋ ਜਵਾਨਾਂ ਨੂੰ ਸਿਰ 'ਚ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ।


Rakesh

Content Editor

Related News