ਕਾਰ ''ਤੇ ਮੌਤ ਬਣ ਕੇ ਪਹਾੜੀ ਤੋਂ ਡਿੱਗਿਆ ਪੱਥਰ, ਸ਼ੀਸ਼ਾ ਤੋੜ ਕੇ ਅੰਦਰ ਵੜਿਆ, ਔਰਤ ਦੀ ਮੌਤ
Thursday, Feb 01, 2024 - 11:02 AM (IST)
ਮੰਡੀ- ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ 'ਤੇ ਕਦੋਂ, ਕਿੱਥੇ ਅਤੇ ਕਿਵੇਂ ਚੱਲਦੀ ਫਿਰਦੀ ਮੌਤ ਤੁਹਾਡੇ ਸਾਹਮਣੇ ਆ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲੇ 'ਚ ਪਹਾੜੀ ਤੋਂ ਪੱਥਰ ਡਿੱਗਣ ਨਾਲ ਕਾਰ ਸਵਾਰ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਮੰਡੀ ਜ਼ਿਲ੍ਹੇ 'ਚ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਹਾਦਸੇ 'ਚ ਪੱਥਰ ਕਾਰ ਦੀ ਅਗਲੀ ਸੀਟ ਦਾ ਸ਼ੀਸ਼ਾ ਤੋੜਦੇ ਹੋਏ ਅੰਦਰ ਜਾ ਵੜਿਆ, ਜਿਸ ਦੀ ਵਜ੍ਹਾ ਨਾਲ ਕਾਰ ਸਵਾਰ ਔਰਤ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਚਾਰ ਭੈਣਾਂ ਆਪਣੇ ਭਾਣਜੇ ਨਾਲ ਪੰਡੋਹ ਤੋਂ ਜ਼ਮੀਨੀ ਇੰਤਕਾਲ ਕਰਵਾ ਕੇ ਮੰਡੀ ਨੂੰ ਪਰਤ ਰਹੀਆਂ ਸਨ। ਜਿਵੇਂ ਹੀ ਕਾਰ ਵਿੰਦਰਾਵਣੀ 'ਚ ਨਿਰਮਾਣ ਅਧੀਨ ਸੁਰੰਗ ਨੇੜੇ ਪਹੁੰਚੀ ਤਾਂ ਪਹਾੜੀ ਤੋਂ 20-25 ਕਿਲੋ ਵਜ਼ਨ ਦਾ ਪੱਥਰ ਡਿੱਗਿਆ, ਜਿਸ ਨਾਲ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਸਾਹਮਣੇ ਵਾਲੀ ਸੀਟ 'ਤੇ ਬੈਠੀ ਔਰਤ 'ਤੇ ਜਾ ਡਿੱਗਿਆ। ਜਿਸ ਕਾਰਨ ਔਰਤ ਬੇਹੋਸ਼ ਹੋ ਗਈ। ਸੂਚਨਾ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਰ ਡਰਾਈਵਰ ਯਸ਼ਪਾਲ ਨੇ ਉਸੇ ਗੱਡੀ ਤੋਂ ਆਪਣੀ ਜ਼ਖਮੀ ਭੂਆ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪ੍ਰੋਮਿਲਾ ਦੇਵੀ ਦੇ ਰੂਪ ਵਿਚ ਹੋਈ ਹੈ। ਹਾਦਸੇ ਵਿਚ ਯਸ਼ਪਾਲ ਅਤੇ ਹੋਰ ਤਿੰਨ ਔਰਤਾਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ। ਵਧੀਕ ਪੁਲਸ ਇੰਸਪੈਕਟਰ ਮੰਡੀ ਸਾਗਰ ਚੰਦਰ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।