STF ਨੇ IS ਦੇ 4 ਸ਼ੱਕੀਆਂ ਨੂੰ ਫੜਿਆ, ਜਿਹਾਦ ਨਾਲ ਜੁੜੀ ਸਮੱਗਰੀ ਬਰਾਮਦ

06/25/2019 12:59:21 PM

ਕੋਲਕਾਤਾ— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਐੱਸ.ਟੀ.ਐੱਫ. (ਸਪੈਸ਼ਲ ਟਾਸਕ ਫੋਰਸ) ਨੇ ਬੰਗਲਾਦੇਸ਼ੀ ਅੱਤਵਾਦੀ ਸੰਗਠਨ ਨਿਓ-ਜਮੀਅਤੁਲ ਮੁਜਾਹੀਦੀਨ ਬੰਗਲਾਦੇਸ਼/ਇਸਲਾਮਿਕ ਸਟੇਟ ਦੇ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਬੰਗਲਾਦੇਸ਼ੀ ਅੱਤਵਾਦੀਆਂ ਕੋਲੋਂ ਵੱਡੀ ਗਿਣਤੀ 'ਚ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਕੋਲਕਾਤਾ ਪੁਲਸ ਚਾਰੇ ਸ਼ੱਕੀ ਅੱਤਵਾਦੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਅੱਤਵਾਦੀਆਂ ਨੂੰ ਸੋਮਵਾਰ ਨੂੰ ਸਿਆਲਦਾਹ ਰੇਲਵੇ ਸਟੇਸ਼ਨ ਦੇ ਪਾਰਕਿੰਗ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ 2 ਹੋਰ ਮੈਂਬਰਾਂ ਜਿਨ੍ਹਾਂ 'ਚੋਂ ਇਕ ਬੰਗਲਾਦੇਸ਼ੀ ਹੈ ਨੂੰ ਹਾਵੜਾ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਭਾਰਤੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ, ਜਿਸ 'ਚ ਜਿਹਾਦ ਨਾਲ ਜੁੜੇ ਕਈ ਫੋਟੋ, ਵੀਡੀਓ ਅਤੇ ਮੈਸੇਜ਼ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਕਈ ਇਤਰਾਜ਼ਯੋਗ ਕਿਤਾਬਾਂ ਵੀ ਮਿਲੀਆਂ ਹਨ। ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੇ ਭਾਰਤ ਆਉਣ ਦੀ ਯੋਜਨਾ ਦਾ ਪਤਾ ਲਗਾਇਆ ਜਾ ਸਕੇ।

ਸੂਤਰਾਂ ਅਨੁਸਾਰ ਤਿੰਨੋਂ ਬੰਗਲਾਦੇਸ਼ੀ ਅੱਤਵਾਦੀ ਭਾਰਤ 'ਚ ਆਪਣੇ ਸੰਗਠਨ ਲਈ ਪੈਸਾ ਇਕੱਠਾ ਕਰਦੇ ਸਨ ਅਤੇ ਲੋਕਾਂ ਦੀਆਂ ਭਰਤੀਆਂ ਕਰਦੇ ਸਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ੀ ਅੱਤਵਾਦੀ ਸੰਗਠਨ ਨਿਓ-ਜਮੀਅਤੁਲ ਮੁਜਾਹੀਦੀਨ ਬੰਗਲਾਦੇਸ਼ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ ਅਤੇ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਰੱਖੀ ਹੈ। ਇਸੇ ਸੰਗਠਨ ਦੇ ਲੋਕਾਂ ਨੇ ਕੁਝ ਸਮੇਂ ਪਹਿਲਾਂ ਇਕ ਆਸਟ੍ਰੇਲੀਆਈ ਨਾਗਰਿਕ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਹ ਸੰਗਠਨ ਨਿਓ-ਜੇ.ਐੱਮ.ਬੀ. ਜਮੀਅਤੁਲ ਮੁਜਾਹੀਦੀਨ ਬੰਗਲਾਦੇਸ਼ ਤੋਂ ਵੱਖ ਹੋ ਕੇ ਬਣਿਆ ਹੈ। ਜਮੀਅਤੁਲ ਮੁਜਾਹੀਦੀਨ ਬੰਗਲਾਦੇਸ਼ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ ਅਤੇ ਸਾਲ 2016 'ਚ ਇਸੇ ਨੇ ਢਾਕਾ 'ਚ ਇਕ ਰੈਸਟੋਰੈਂਟ 'ਤੇ ਹਮਲਾ ਕੀਤਾ ਸੀ, ਜਿਸ 'ਚ 20 ਲੋਕ ਮਾਰੇ ਗਏ ਸਨ।


DIsha

Content Editor

Related News