ਭਾਫ ਕੋਰੋਨਾ ਵਾਇਰਸ ਨੂੰ ਖਤਮ ਕਰਨ ਦਾ ਚੰਗਾ ਬਦਲ ਪਰ ਪੱਕਾ ਸਬੂਤ ਨਹੀਂ

04/13/2021 10:37:21 AM

ਨਵੀਂ ਦਿੱਲੀ (ਵਿਸ਼ੇਸ਼)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਨਾਲ-ਨਾਲ ਯੂ. ਕੇ. ਸਟ੍ਰੇਨ ਦੇ ਕੇਸ ਵਧਣ ਨਾਲ ਦੁਨੀਆ ਭਰ ’ਚ ਹਾਲਾਤ ਬੇਹੱਦ ਖਤਰਨਾਕ ਹੁੰਦੇ ਜਾ ਰਹੇ ਹਨ। ਹੁਣ ਤੱਕ 13.67 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋ ਚੁੱਕੇ ਹਨ ਅਤੇ 29 ਲੱਖ ਤੋਂ ਵੱਧ ਲੋਕਾਂ ਦੀ ਮੌਤ ਇਸ ਮਹਾਮਾਰੀ ਨਾਲ ਹੋ ਚੁੱਕੀ ਹੈ। ਉਥੇ ਹੀ ਭਾਰਤ ’ਚ ਵੀ ਹੁਣ ਤਾਂ ਇਕ-ਇਕ ਲੱਖ ਮਰੀਜ਼ ਇਕ ਦਿਨ ’ਚ ਆਉਣੇ ਸ਼ੁਰੂ ਹੋ ਗਏ ਹਨ। ਹਾਲਾਤ ਇੰਨੇ ਖਰਾਬ ਹਨ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਲਾਕਡਾਊਨ ਤੋਂ ਇਲਾਵਾ ਹੁਣ ਕੋਈ ਬਦਲ ਨਹੀਂ ਬਚਿਆ ਹੈ।

ਦੂਜੇ ਪਾਸੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਭਾਫ ਲੈਣ ਨਾਲ ਵਾਇਰਸ ਖਤਮ ਹੋ ਸਕਦਾ ਹੈ ਅਤੇ ਜੇ ਸਾਰੀ ਦੁਨੀਆ ਕੋਸ਼ਿਸ਼ ਕਰੇ ਤਾਂ ਇਕ ਹਫਤੇ ’ਚ ਕੋਰੋਨਾ ਵਾਇਰਸ ਖਤਮ ਹੋ ਸਕਦਾ ਹੈ ਪਰ ਇਸ ਬਾਰੇ ਨਾ ਤਾਂ ਵਿਸ਼ਵ ਸਿਹਤ ਸੰਗਠਨ ਨੇ ਕੋਈ ਸੁਝਾਅ ਦਿੱਤਾ ਹੈ ਅਤੇ ਨਾ ਹੀ ਅਮਰੀਕਾ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਲੋਂ ਅਜਿਹੀਆਂ ਕੋਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।

ਕੀ ਪ੍ਰਚਾਰ ਕੀਤਾ ਜਾ ਰਿਹੈ ਸੋਸ਼ਲ ਮੀਡੀਆ ’ਤੇ?
ਸਾਹ ਰਾਹੀਂ ਜੇ ਕੋਰੋਨਾ ਵਾਇਰਸ ਕਿਸੇ ਵਿਅਕਤੀ ਦੇ ਨੱਕ ਰਾਹੀਂ ਦਾਖਲ ਹੋ ਜਾਂਦਾ ਹੈ ਤਾਂ 4-5 ਦਿਨ ਤੱਕ ਇਹ ਵਾਇਰਸ ਪੈਰਾਨੇਜਲ ਸਾਇਰਸ ’ਚ ਰਹਿਣ ਤੋਂ ਬਾਅਦ ਫੇਫੜਿਆਂ (ਲੰਗਸ) ਵਿਚ ਪਹੁੰਚ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਵਾਇਰਸ ਨੂੰ ਭਾਫ ਲੈਣ ਨਾਲ ਪੈਰਾਨੇਜਲ ਸਾਇਰਸ ’ਚ ਖਤਮ ਕੀਤਾ ਜਾ ਸਕਦਾ ਹੈ। ਵਾਇਰਸ ਮੈਸੇਜ ਮੁਤਾਬਕ 50 ਡਿਗਰੀ ਸੈਂਟੀਗ੍ਰੇਡ ਭਾਫ ਨਾਲ ਵਾਇਰਸ ਨਸ਼ਟ ਅਤੇ ਲਕਵਾ ਪੀੜਤ ਹੋ ਜਾਂਦਾ ਹੈ ਅਤੇ 20 ਡਿਗਰੀ ਸੈਂਟੀਗ੍ਰੇਡ ’ਤੇ ਇਹ ਵਾਇਰਸ ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਮਨੁੱਖੀ ਰੋਗ ਰੋਕੂ ਪ੍ਰਣਾਲੀ ਇਸ ਨਾਲ ਲੜ ਸਕਦੀ ਹੈ ਅਤੇ 70 ਡਿਗਰੀ ਸੈਂਟੀਗ੍ਰੇਡ ’ਤੇ ਇਹ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ।
ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਨੱਕ ਅਤੇ ਮੂੰਹ ਰਾਹੀਂ ਇਕ ਹਫਤੇ ਤੱਕ ਭਾਫ ਲੈਣ ਨਾਲ ਅਸੀਂ ਇਸ ਵਾਇਰਸ ਨੂੰ ਮਾਰ ਸਕਦੇ ਹਾਂ, ਇਸ ਲਈ ਹਰ ਵਿਅਕਤੀ ਨੂੰ 5 ਮਿੰਟ ਤੱਕ ਇਹ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ। ਇਸ ਦਾ ਨਾ ਤਾਂ ਕੋਈ ਨੁਕਸਾਨ ਹੈ ਅਤੇ ਨਾ ਹੀ ਇਸ ਦੀ ਕੋਈ ਕੀਮਤ ਹੈ।

ਡਾਕਟਰਾਂ ਦੀ ਰਾਏ-ਬਹੁਤ ਜ਼ਿਆਦਾ ਤਾਪਮਾਨ ’ਤੇ ਭਾਫ ਲੈਣ ਦਾ ਹੋ ਸਕਦੈ ਉਲਟਾ ਅਸਰ

ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਬਾਅਦ ਲੋਕ ਭਾਫ ਤਾਂ ਲੈਂਦੇ ਹੀ ਹਨ, ਨਾਲ ਹੀ ਕੋਰੋਨਾ ਇਨਫੈਕਸ਼ਨ ਤੋਂ ਆਪਣੇ ਘਰਾਂ ਨੂੰ ਸੁਰੱਖਿਅਤ ਕਰਨ ਲਈ ਸਟੀਮਰ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਫ ਪੈਥੋਜੇਨਸ (ਵਾਇਰਸ ਬੈਕਟੀਰੀਆ) ਨੂੰ ਖਤਮ ਕਰਨ ਦਾ ਚੰਗਾ ਬਦਲ ਹੈ ਪਰ ਇਹ ਮਨੁੱਖੀ ਸਰੀਰ ’ਤੇ ਕਿੰਨੀ ਮਦਦਗਾਰ ਹੈ, ਡਾਕਟਰ ਇਸ ਤਰ੍ਹਾਂ ਦੀ ਕੋਈ ਰਾਏ ਨਹੀਂ ਦਿੰਦੇ ਹਨ। ਇਕ ਅੰਗਰੇਜ਼ੀ ਦੈਨਿਕ ਵਲੋਂ ਵੱਖ-ਵੱਖ ਮੈਡੀਕਲ ਕਾਲਜਾਂ ਦੇ ਪਲੋਮੋਲਾਜ਼ੀ ਬ੍ਰਾਂਚ ਦੇ ਮੁਖੀਆਂ ਨਾਲ ਵਿਸਤਾਰ ਪੂਰਵਕ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਰਾਏ ’ਚ ਕਿਹਾ ਕਿ ਬਹੁਤ ਜ਼ਿਆਦਾ ਤਾਪਮਾਨ ’ਤੇ ਭਾਫ ਲੈਣਾ ਹਾਨੀਕਾਰਕ ਹੋ ਸਕਦਾ ਹੈ।

ਮਣੀਪਾਲ ਹਸਪਤਾਲ ਦੇ ਪਲਮੋਨੋਲਾਜ਼ੀ ਹੈੱਡ ਡਾ. ਸੱਤਯਨਾਰਾਇਣ ਮੈਸੂਰ ਦਾ ਕਹਿਣਾ ਹੈ ਕਿ ਇਕ ਹਫਤੇ ਤੱਕ ਭਾਫ ਲੈਣਾ ਬਹੁਤ ਹੀ ਗੈਰ-ਵਿਗਿਆਨੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਸਾਰੇ ਮਰੀਜ਼ ਅਜਿਹੇ ਆਉਂਦੇ ਹਨ, ਜਿਨ੍ਹਾਂ ’ਚ ਕੋਵਿਡ ਦੇ ਲੱਛਣ ਤਾਂ ਨਹੀਂ ਹੁੰਦੇ ਪਰ ਗੈਰ-ਵਿਗਿਆਨੀ ਤਰੀਕੇ ਨਾਲ ਬਹੁਤ ਜ਼ਿਆਦਾ ਭਾਫ ਲੈਣ ਨਾਲ ਉਨ੍ਹਾਂ ਦੇ ਏਅਰਵੇਸ ਸੜ ਜਾਂਦੇ ਹਨ ਅਤੇ ਉਨ੍ਹਾਂ ਦੀ ਸਾਹ ਦੀ ਤਕਲੀਫ ਵਧ ਜਾਂਦੀ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਗਲਤ ਅਤੇ ਗੁੰਮਰਾਹ ਕਰਨ ਵਾਲਾ ਦੱਸਿਆ।

ਸਟੀਮਰ ’ਚ ਪੇਨ ਬਾਮ ਪਾ ਕੇ ਭਾਫ ਲੈਣਾ ਹਾਨੀਕਾਰਕ
ਸੇਂਟ ਜਾਨਸ ਮੈਡੀਕਲ ਕਾਲਜ ਹਸਪਤਾਲ ਦੇ ਨਿਊਰੋਲਾਜ਼ੀ ਹੈੱਡ ਡਾ. ਥਾਮਸ ਮੈਥਯੂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਦੋ ਮਹੀਨਿਆਂ ਤੋਂ ਨੋਟ ਕਰ ਰਹੇ ਹਾਂ ਕਿ ਲੋਕ ਸਟੀਮਰ ’ਚ ਇਸੈਂਸ਼ੀਅਲ ਆਇਲ, ਯੂਕਲਿਪਟਸ ਅਤੇ ਪੇਨ ਬਾਮ ਪੈ ਕੇ ਭਾਫ ਲੈ ਰਹੇ ਹਨ, ਜਿਸ ਦਾ ਅਸਰ ਦਿਮਾਗ ’ਤੇ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਾ ਕੋਈ ਵਿਗਿਆਨੀ ਆਧਾਰ ਨਹੀਂ ਹੈ। ਇਸ ਤਰ੍ਹਾਂ ਵਿਕਰਮ ਹਸਪਤਾਲ ਦੇ ਪਲਮੋਨੋੋਲਾਜ਼ੀ ਹੈੱਡ ਡਾ. ਕੇ. ਐੱਸ. ਸਤੀਸ਼ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਕੋਈ ਅਧਿਐਨ ਨਹੀਂ ਹੈ ਕਿ ਭਾਫ ਲੈਣ ਨਾਲ ਵਾਇਰਸ ਮਰ ਜਾਂਦਾ ਹੈ।


Tanu

Content Editor

Related News