ਚੋਣਾਂ ਤੋਂ ਬਾਅਦ ਮਹਿੰਗਾਈ ਲਈ ਰਹੋ ਤਿਆਰ, ਬਜਟ ਹੋ ਜਾਵੇਗਾ ਹੱਦ ਤੋਂ ਪਾਰ!
Tuesday, May 14, 2019 - 02:19 PM (IST)

ਨਵੀਂ ਦਿੱਲੀ — ਲੋਕ ਸਭਾ ਦੇ 23 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਇਕ ਵਾਰ ਫਿਰ ਮਹਿੰਗਾਈ ਰਾਖਸ਼ ਬਣ ਕੇ ਸਾਹਮਣੇ ਆ ਸਕਦੀ ਹੈ। ਅਜਿਹੇ 'ਚ ਜਲਦੀ ਹੀ ਤੁਹਾਡੀ ਰਸੌਈ 'ਤੇ ਇਨ੍ਹਾਂ ਵਧੀਆਂ ਕੀਮਤਾਂ ਦਾ ਅਸਰ ਦਿਖਾਈ ਦੇਣ ਲੱਗੇਗਾ। ਸਬਜ਼ੀਆਂ ਤੋਂ ਲੈ ਕੇ ਦੁੱਧ ਤੱਕ ਦੀਆਂ ਵਧੀਆਂ ਕੀਮਤਾਂ ਜਲਦੀ ਹੀ ਮਹਿੰਗਾਈ ਦਾ ਅਹਿਸਾਸ ਕਰਵਾ ਸਕਦੀਆਂ ਹਨ । ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੀ ਜੇਕਰ ਵਾਧਾ ਹੋ ਜਾਂਦਾ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਜੇਬ ਢਿੱਲੀ ਕਰਨ 'ਚ ਪਿੱਛੇ ਨਹੀਂ ਰਹਿਣਗੀਆਂ।
ਆਉਣ ਵਾਲੀ ਸਰਕਾਰ ਲਈ ਹੋਵੇਗੀ ਮੁਸੀਬਤ
ਮਹਿੰਗਾਈ 'ਤੇ ਕਾਬੂ ਰੱਖਣਾ ਨਵੀਂ ਸਰਕਾਰ ਲਈ ਸਭ ਤੋਂ ਮੁਸ਼ਕਲ ਕੰਮ ਹੋਵੇਗਾ। ਦੇਸ਼ ਦੇ ਪੱਛਮੀ ਅਤੇ ਦੱਖਣੀ ਸੂਬੇ ਸੋਕੇ ਦੀ ਮਾਰ ਝੇਲ ਰਹੇ ਹਨ। ਦੂਜੇ ਪਾਸੇ ਉੱਤਰ ਭਾਰਤ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਫਿਲਹਾਲ ਅਜਿਹੀਆਂ ਕਈ ਵਸਤੂਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਮੌਜੂਦਾ ਸਮੇਂ 'ਚ ਵਾਧਾ ਦਰਜ ਕਰਵਾ ਚੁੱਕੀਆਂ ਹਨ।
ਇਨ੍ਹਾਂ ਵਸਤੂਆਂ ਦੀਆਂ ਵਧੀਆਂ ਕੀਮਤਾਂ
ਸਬਜ਼ੀਆਂ, ਮੀਟ, ਮੱਛੀ, ਕੱਪੜਾ, ਜੁੱਤੀਆਂ, ਮੋਟੇ ਅਨਾਜ, ਪਿਆਜ, ਕਪਾਹ, ਟਮਾਟਰ, ਘਰ ਅਤੇ ਅੰਡਿਆਂ ਦੀ ਕੀਮਤ ਵਧਣ ਨਾਲ ਖੁਦਰਾ ਮਹਿੰਗਾਈ 2.92 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ, ਜਿਹੜਾ ਕਿ 6 ਮਹੀਨੇ ਦਾ ਉੱਚ ਪੱਧਰ ਹੈ। ਇਸ ਦੇ ਨਾਲ ਹੀ ਸਿਹਤ ਸੇਵਾਵਾਂ ਦੇ ਮੁੱਲ ਵੀ 8.43 ਫੀਸਦੀ ਵਧੇ ਹਨ। ਸੈਂਟਰਲ ਸਟੈਟਿਸਟਿਕਸ ਦਫਤਰ ਵਲੋਂ ਜਾਰੀ ਮਹਿੰਗਾਈ ਦੇ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਪਿਛਲੇ ਮਹੀਨੇ ਯਾਨੀ ਮਾਰਚ 2019 'ਚ ਇਹ ਅੰਕੜਾ 2.86 ਫੀਸਦੀ ਰਿਹਾ ਸੀ ਅਤੇ ਅਪ੍ਰੈਲ 2018 'ਚ ਮਹਿੰਗਾਈ 4.58 ਫੀਸਦੀ ਰਹੀ ਸੀ।
ਇਸ ਤੋਂ ਇਲਾਵਾ ਜਾਨਵਰਾਂ ਨੂੰ ਦਿੱਤਾ ਜਾਣ ਵਾਲਾ ਚਾਰਾ ਵੀ ਬਹੁਤ ਮਹਿੰਗਾ ਹੋ ਗਿਆ ਹੈ। ਨਤੀਜੇ ਵਜੋਂ ਆਉਣ ਵਾਲੇ ਸਮੇਂ ਦੁੱਧ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਸਕਦਾ ਹੈ। ਇਸ ਲਈ ਕਿਉਂਕਿ ਕਿਸਾਨਾਂ ਨੇ ਚਾਰਾ ਖਵਾਉਣਾ ਘੱਟ ਕਰ ਦਿੱਤਾ ਹੈ। ਹਾਲਾਂਕਿ ਗਰਮੀਆਂ 'ਚ ਦੁੱਧ ਦੇਣ ਵਾਲੇ ਜਾਨਵਰ ਵੈਸੇ ਹੀ ਦੁੱਧ ਘੱਟ ਦਿੰਦੇ ਹਨ। ਅਜਿਹੇ 'ਚ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਦੁੱਧ ਦਾ ਉਤਪਾਦਨ ਵੈਸੇ ਵੀ ਘੱਟ ਹੋ ਜਾਂਦਾ ਹੈ।
ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ
ਫਿਲਹਾਲ ਗਰਮੀਆਂ ਦੀ ਸ਼ੁਰੂਆਤ ਵਿਚ ਹੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ 'ਚ ਕੋਈ ਵੀ ਸਬਜ਼ੀ 25-30 ਰੁਪਏ ਪ੍ਰਤੀ ਕਿਲੋ ਤੋਂ ਘੱਟ ਨਹੀਂ ਹੈ। ਸਿਰਫ ਆਲੂ ਹੀ ਸਸਤੇ ਹਨ। ਪ੍ਰਚੂਨ ਵਪਾਰੀ ਵੀ ਸਬਜ਼ੀਆਂ ਦੀ ਲੋਕੇਸ਼ਨ ਦੇ ਹਿਸਾਬ ਨਾਲ 40-70 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚ ਰਹੇ ਹਨ।
ਖੁਰਾਕ ਪਦਾਰਥਾਂ ਦੀ ਮਹਿੰਗਾਈ 'ਚ ਵਾਧਾ
ਖੁਦਰਾ ਮਹਿੰਗਾਈ ਵਧਣ ਦਾ ਮੁੱਖ ਕਾਰਨ ਫੂਡ ਬਾਸਕਿਟ ਦੀ ਮਹਿੰਗਾਈ ਰਹੀ, ਜਿਹੜੀ ਕਿ ਅਪ੍ਰੈਲ 'ਚ ਵਧ ਕੇ 1.1 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ ਜਦੋਂਕਿ ਮਾਰਚ ਵਿਚ ਇਹ ਅੰਕੜਾ 0.3 ਫੀਸਦੀ ਰਿਹਾ ਸੀ। ਇਸ ਦੇ ਨਾਲ ਹੀ ਸਬਜ਼ੀਆਂ ਦੀ ਕੀਮਤਾਂ 'ਚ 2.87 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂਕਿ ਮਾਰਚ 2019 'ਚ ਕੀਮਤਾਂ ਵਿਚ ਕਮੀ ਆਈ ਸੀ। ਹਾਲਾਂਕਿ ਅਪ੍ਰੈਲ ਵਿਚ ਫਲਾਂ ਦੀ ਕੀਮਤ 'ਚ ਇਕ ਸਾਲ ਪਹਿਲੇ ਇਸੇ ਮਹੀਨੇ ਦੀ ਤੁਲਨਾ ਵਿਚ ਕਮੀ ਦਰਜ ਕੀਤੀ ਗਈ ਸੀ।
ਫਿਊਲ ਅਤੇ ਲਾਈਟ ਕੈਟੇਗਰੀ ਦੀ ਗੱਲ ਕਰੀਏ ਤਾਂ ਅਪ੍ਰੈਲ ਵਿਚ ਇਸ ਸੈਗਮੈਂਟ 'ਚ 2.56 ਫੀਸਦੀ ਮਹਿੰਗਾਈ ਵਧੀ, ਜਦੋਂਕਿ ਪਿਛਲੇ ਮਹੀਨੇ 2.42 ਫੀਸਦੀ ਦਾ ਵਾਧਾ ਰਿਹਾ ਸੀ। ਸਮੀਖਿਆ ਅਧੀਨ ਮਿਆਦ 'ਚ ਫਲਾਂ ਦੀਆਂ ਕੀਮਤਾਂ 'ਚ 4.87 ਫੀਸਦੀ, ਦਾਲ 'ਚ 0.89 ਅਤੇ ਖੰਡ 'ਚ 4.05 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।