ਦੇਸ਼ ਦੇ ਇਨ੍ਹਾਂ ਸੂਬਿਆਂ ''ਚ 50% ਤੋਂ ਜ਼ਿਆਦਾ ਨੌਕਰੀਪੇਸ਼ਾ ਔਰਤਾਂ, ਜਬਰ ਜ਼ਨਾਹ ਦਾ ਕੋਈ ਮਾਮਲਾ ਨਹੀਂ
Wednesday, Jul 24, 2019 - 12:18 PM (IST)

ਨਵੀਂ ਦਿੱਲੀ—ਦੇਸ਼ ਦੇ ਜਿਨ੍ਹਾਂ ਸੂਬਿਆਂ 'ਚ ਸਭ ਤੋਂ ਜ਼ਿਆਦਾ ਔਰਤਾਂ ਨੌਕਰੀ ਕਰਦੀਆਂ ਹਨ, ਉਨ੍ਹਾਂ ਸੂਬਿਆਂ 'ਚ ਕੰਮ ਕਰਨ ਵਾਲੇ ਸਥਾਨ 'ਤੇ ਜਬਰ ਜ਼ਨਾਹ ਦੇ ਸਭ ਤੋਂ ਘੱਟ ਮਾਮਲੇ ਦੇਖਣ ਨੂੰ ਮਿਲੇ ਹਨ। ਵਿਸ਼ੇਸ਼ ਤੌਰ 'ਤੇ ਉੱਤਰ-ਪੂਰਬ ਦੇ ਉਹ ਸੂਬੇ ਜਿੱਥੇ 50 ਫੀਸਦੀ ਨੌਕਰੀਪੇਸ਼ਾ ਔਰਤਾਂ ਹਨ ਪਰ ਜਬਰ ਜ਼ਨਾਹ ਦਾ ਇੱਕ ਵੀ ਮਾਮਲਾ ਦਰਜ ਨਹੀਂ ਹੈ। ਕੰਮ ਕਰਨ ਵਾਲੇ ਸਥਾਨ 'ਤੇ ਔਰਤਾਂ ਦਾ ਜਬਰ ਜ਼ਨਾਹ ਰੋਕਣ ਲਈ 2013 'ਚ ਬਣੇ ਕਾਨੂੰਨ ਤਹਿਤ ਸਭ ਤੋਂ ਜ਼ਿਆਦਾ ਮਾਮਲੇ ਬਿਹਾਰ 'ਚ ਦਰਜ ਹੋਏ, ਉੱਥੇ ਕਾਨੂੰਨ ਬਣਾਉਣ ਤੋਂ ਬਾਅਦ 2014 ਅਤੇ 2015 'ਚ ਇੱਕ ਵੀ ਕੇਸ ਦਰਜ ਨਹੀਂ ਹੋਇਆ ਸੀ ਪਰ 2016 'ਚ 'ਚ 73 ਮਾਮਲੇ ਦਰਜ ਹੋਏ ਹਨ, ਜੋ ਦੇਸ਼ 'ਚ ਸਭ ਤੋਂ ਜ਼ਿਆਦਾ ਹਨ। ਹਾਲ ਹੀ ਇਹ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਲੋਕ ਸਭਾ 'ਚ ਦਿੱਤੀ ਹੈ।
ਦੇਸ਼ ਭਰ 'ਚ ਸਾਲ 2014 ਦੌਰਾਨ 57 ਮਾਮਲੇ, 2015 'ਚ 119 ਅਤੇ 2016 'ਚ 142 ਮਾਮਲੇ ਇਸ ਕਾਨੂੰਨ ਤਹਿਤ ਦਰਜ ਕੀਤੇ ਗਏ। ਸਾਲ 2015 'ਚ ਕੁੱਲ 119 ਮਾਮਲੇ ਦਰਜ ਹੋਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 36 ਮਾਮਲੇ ਦਿੱਲੀ 'ਚ ਦਰਜ ਹੋਏ। ਇਸ ਦੌਰਾਨ ਨਾਗਰਿਕ ਉਡਾਣ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਹਵਾਈ ਉਡਾਨ ਦੌਰਾਨ ਹੋਈਆਂ ਸਮੱਸਿਆਵਾਂ ਦਾ ਬਿਓਰਾ ਰੱਖਿਆ। ਦੱਸਿਆ ਕਿ 3 ਸਾਲ (2014-2016) ਏਅਰਲਾਈਨ ਕੰਪਨੀਆਂ 'ਚ ਔਰਤਾਂ ਕਰੂ ਮੈਂਬਰਾਂ ਨਾਲ ਛੇੜ-ਛਾੜ ਅਤੇ ਦੁਰਵਿਵਹਾਰ ਦੇ 15 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ 10 ਮਾਮਲੇ ਏਅਰ ਇੰਡੀਆ, 2 ਇੰਡੀਗੋ, 2 ਵਿਸਤਾਰਾ ਅਤੇ 1 ਮਾਮਲਾ ਜੈੱਟ ਏਅਰਵੇਜ ਨਾਲ ਸੰਬੰਧਿਤ ਹੈ।
ਉਹ ਸੂਬੇ ਜਿੱਥੇ ਸਭ ਤੋਂ ਜ਼ਿਆਦਾ ਕੇਸ ਦਰਜ ਹੋਏ—
ਸੂਬੇ ਦਾ ਨਾਂ | 2014 | 2015 | 2016 | ਨੌਕਰੀਪੇਸ਼ਾ ਔਰਤਾਂ |
ਬਿਹਾਰ | 0 | 0 | 73 | 17.8% |
ਦਿੱਲੀ | 11 | 36 | 9 | 11.7% |
ਮਹਾਰਾਸ਼ਟਰ | 10 | 27 | 11 | 32.8% |
ਤੇਲੰਗਾਨਾ | 5 | 32 | 8 | 23.7% |
ਆਂਧਰਾ ਪ੍ਰਦੇਸ਼ | 3 | 3 | 7 | 47% |
ਕੇਰਲ | 6 | 0 | 8 | 23.7% |
ਪੱਛਮੀ ਬੰਗਾਲ | 4 | 6 | 0 | 20.5% |
ਉਹ ਸੂਬੇ ਜਿੱਥੇ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਜ਼ਿਆਦਾ, ਕੇਸ ਕੋਈ ਵੀ ਨਹੀਂ-
ਸੂਬੇ ਦਾ ਨਾਂ | ਨੌਕਰੀਪੇਸ਼ਾ ਔਰਤਾਂ |
ਮਿਜ਼ੋਰਮ | 59% |
ਨਾਗਾਲੈਂਡ | 55.9% |
ਅਰੁਣਾਚਲ ਪ੍ਰਦੇਸ਼ | 51.6% |
ਮੇਘਾਲਿਆ | 49.9% |
ਸਿੱਕਮ | 48.2% |
ਤ੍ਰਿਪੁਰਾ | 45.3% |
ਮਣੀਪੁਰ | 46.4% |
ਇਨ੍ਹਾਂ ਸੂਬਿਆਂ 'ਚ ਕੋਈ ਮਾਮਲਾ ਦਰਜ ਨਹੀਂ—
ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਤ੍ਰਿਪੁਰਾ, ਸਿੱਕਮ, ਉਤਰਾਖੰਡ, ਅੰਡੇਮਾਨ-ਨਿਕੋਬਾਰ ਦੀਪ, ਦਾਦਰ ਅਤੇ ਨਾਗਰ ਹਵੇਲੀ, ਦਮਨ ਦੀਵ ਅਤੇ ਪੁਡੂਚੇਰੀ ਆਦਿ