ਮਹਾਕੁੰਭ ''ਚ ਮਚੀ ਭਾਜੜ ''ਚ ਕਿੰਨੇ ਲੋਕਾਂ ਦੀ ਹੋਈ ਮੌਤ? ਸੰਸਦ ''ਚ ਮੋਦੀ ਸਰਕਾਰ ਨੇ ਦਿੱਤਾ ਜਵਾਬ
Wednesday, Mar 19, 2025 - 05:15 PM (IST)

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ 'ਚ ਮਚੀ ਭਾਜੜ 'ਚ ਕਿੰਨੇ ਲੋਕਾਂ ਦੀ ਮੌਤ ਹੋਈ? ਕਿੰਨੇ ਲੋਕ ਜ਼ਖ਼ਮੀ ਹੋਏ? ਇਨ੍ਹਾਂ ਸਵਾਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਲੋਕ ਸਭਾ 'ਚ ਅਹਿਮ ਜਾਣਕਾਰੀ ਦਿੱਤੀ। ਸਰਕਾਰ ਨੇ ਕਿਹਾ ਕਿ ਭਾਜੜ ਦੀ ਘਟਨਾ ਦੀ ਜਾਂਚ ਉੱਤਰ ਪ੍ਰਦੇਸ਼ ਸਰਕਾਰ ਨੇ ਕੀਤੀ ਹੈ ਅਤੇ ਕੇਂਦਰ ਸਰਕਾਰ ਕੋਲ ਅਜਿਹੀਆਂ ਘਟਨਾਵਾਂ 'ਚ ਜ਼ਖ਼ਮੀ ਹੋਏ ਲੋਕਾਂ ਦਾ ਅੰਕੜਾ ਨਹੀਂ ਹੁੰਦਾ ਹੈ।
ਦਰਅਸਲ ਲੋਕ ਸਭਾ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਭਾਜੜ ਵਿਚ ਮਾਰੇ ਗਏ ਲੋਕਾਂ ਅਤੇ ਜ਼ਖ਼ਮੀ ਲੋਕਾਂ ਦੀ ਗਿਣਤੀ, ਕਾਰਨਾਂ ਦੀ ਜਾਂਚ ਲਈ ਅਧਿਕਾਰੀਆਂ ਵਲੋਂ ਚੁੱਕੇ ਗਏ ਕਦਮਾਂ 'ਤੇ ਕਾਂਗਰਸ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਅਤੇ ਕੇ. ਨਾਮਦੇਵ ਦੇ ਇਕ ਸਵਾਲ ਦਾ ਲਿਖਤੀ ਜਵਾਬ ਦਿੰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਏ ਨੇ ਕਿਹਾ ਕਿ ਸੰਵਿਧਾਨ ਦੀ 7ਵੀਂ ਅਨੁਸੂਚੀ ਮੁਤਾਬਕ ਕਾਨੂੰਨ ਵਿਵਸਥਾ ਅਤੇ ਪੁਲਸ ਸੂਬੇ ਦੇ ਵਿਸ਼ੇ ਹਨ।
ਰਾਏ ਮੁਤਾਬਕ ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ, ਭੀੜ ਪ੍ਰਬੰਧਨ, ਸ਼ਰਲਾਧੂਆਂ ਲਈ ਸਹੂਲਤਾਂ ਦੀ ਵਿਵਸਥਾ, ਪ੍ਰੋਗਰਾਮ ਦੌਰਾਨ ਕਿਸੇ ਤਰ੍ਹਾਂ ਦੀ ਆਫ਼ਤ ਦੀ ਰੋਕਥਾਮ ਲੋਕ ਵਿਵਸਥਾ ਨਾਲ ਜੁੜੇ ਹੋਏ ਹਨ, ਜੋ ਕਿ ਸੂਬੇ ਦਾ ਵਿਸ਼ਾ ਹੈ।
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਵਿਚ ਸਪੱਸ਼ਟ ਕੀਤਾ ਕਿਕਿਸੇ ਵੀ ਸੂਬੇ ਵਿਚ ਭਾਜੜ ਸਮੇਤ ਕਿਸੇ ਵੀ ਕਿਸਮ ਦੀ ਆਫ਼ਤ ਦੀ ਕਿਸੇ ਵੀ ਕਿਸਮ ਦੀ ਜਾਂਚ ਕਰਵਾਉਣਾ ਅਤੇ ਮ੍ਰਿਤਕ ਸ਼ਰਧਾਲੂਆਂ ਅਤੇ ਜ਼ਖਮੀ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਾ ਪ੍ਰਬੰਧ ਕਰਨਾ ਵੀ ਸਬੰਧਤ ਸੂਬਾ ਸਰਕਾਰਾਂ ਦੇ ਦਾਇਰੇ ਵਿੱਚ ਆਉਂਦਾ ਹੈ। ਰਾਜ ਸਰਕਾਰਾਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਦੇ ਸਮਰੱਥ ਹਨ। ਅਜਿਹਾ ਕੋਈ ਡਾਟਾ ਕੇਂਦਰੀ ਤੌਰ 'ਤੇ ਨਹੀਂ ਰੱਖਿਆ ਜਾਂਦਾ ਹੈ।