IPL ਵਿਚਾਲੇ ਵੱਡੀ ਖ਼ਬਰ, ਇਸ ਸਟੇਡੀਅਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Thursday, May 08, 2025 - 03:29 PM (IST)

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਨੂੰ ਵੀਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਧਮਕੀ ਰਾਜਸਥਾਨ ਸੂਬਾ ਖੇਡ ਪ੍ਰੀਸ਼ਦ ਨੂੰ ਇਕ ਈਮੇਲ ਰਾਹੀਂ ਭੇਜੀ ਗਈ ਸੀ। ਸਟੇਡੀਅਮ ਵਿਚ ਬੰਬ ਸਕੁਐਡ, ਡੌਗ ਸਕੁਐਡ ਅਤੇ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਐੱਸ. ਐੱਮ. ਐੱਸ ਸਟੇਡੀਅਮ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਸਥਾਨਕ ਪੁਲਿਸ ਫੋਰਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਟੇਡੀਅਮ ਦੇ ਬਾਹਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਊਦੀ ਅਰਬ ਨੇ ਵੀ ਮਿਲਾ ਲਿਆ ਭਾਰਤ ਨਾਲ ਹੱਥ, ਜੈਸ਼ੰਕਰ ਨੇ ਤਸਵੀਰ ਕੀਤੀ ਸਾਂਝੀ
ਈਮੇਲ 'ਚ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ
ਪ੍ਰੀਸ਼ਦ ਦੇ ਪ੍ਰਧਾਨ ਨੀਰਜ ਪਵਨ ਨੇ ਕਿਹਾ ਕਿ ਅੱਜ ਸਵੇਰੇ ਇਕ ਈਮੇਲ ਆਇਆ ਜਿਸ 'ਚ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। 'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਈਮੇਲ ਵਿਚ ਲਿਖਿਆ ਹੈ ਕਿ "ਹੁਣ ਅਸੀਂ ਐੱਸ. ਐੱਮ. ਐੱਸ ਸਟੇਡੀਅਮ ਨੂੰ ਬੰਬ ਨਾਲ ਉਡਾ ਦੇਵਾਂਗੇ। ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਪੁਲਸ ਦੇ ਨਾਲ-ਨਾਲ ਬੰਬ ਸਕੁਐਡ ਸਮੇਤ ਕਈ ਹੋਰ ਜਾਂਚ ਟੀਮਾਂ ਐੱਸ. ਐੱਮ. ਐੱਸ ਸਟੇਡੀਅਮ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਨੂੰ ਖਾਲੀ ਕਰਵਾ ਲਿਆ ਗਿਆ ਹੈ। ਵਧੀਕ ਪੁਲਸ ਕਮਿਸ਼ਨਰ ਕੁੰਵਰ ਰਾਸ਼ਟਰਦੀਪ ਨੇ ਕਿਹਾ ਕਿ ਐੱਸ. ਐੱਮ. ਐੱਸ ਸਟੇਡੀਅਮ ਦੇ ਬਾਹਰਲੇ ਖੇਤਰ ਅਤੇ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਨਕਸਲੀਆਂ ਵਲੋਂ IED ਬਲਾਸਟ, 3 ਪੁਲਸ ਮੁਲਾਜ਼ਮ ਸ਼ਹੀਦ
ਸਟੇਡੀਅਮ ਨੂੰ ਕੀਤਾ ਗਿਆ ਸੀਲ
ਨੀਰਜ ਨੇ ਕਿਹਾ ਕਿ ਹੁਣ ਤੱਕ ਸਟੇਡੀਅਮ ਵਿਚ ਕਿਸੇ ਵੀ ਸ਼ੱਕੀ ਵਸਤੂ ਦੇ ਮੌਜੂਦ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਡਿਪਟੀ ਕਮਿਸ਼ਨਰ ਦਿਗੰਤ ਆਨੰਦ ਸਮੇਤ ਕਈ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਈਬਰ ਟੀਮ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸਟੇਡੀਅਮ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਚਾਰਧਾਮ ਯਾਤਰਾ ਦਰਮਿਆਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਸ਼ਰਧਾਲੂਆਂ ਦੀ ਮੌਤ
ਰਾਜਸਥਾਨ 'ਚ ਹਾਈ ਅਲਰਟ ਜਾਰੀ
ਇਹ ਧਮਕੀ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ 'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ ਰਾਜਸਥਾਨ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸਾਰੇ ਰੇਲਵੇ ਅਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਗਸ਼ਤ ਵਧਾਈ ਜਾ ਰਹੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 5 ਜ਼ਿਲ੍ਹਿਆਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।