ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਸ਼੍ਰੀਨਗਰ ’ਚ ਨਵੇਂ ਸਿਰਿਓਂ ਪਾਬੰਦੀਆਂ ਲਾਗੂ

Friday, Oct 18, 2019 - 08:11 PM (IST)

ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਸ਼੍ਰੀਨਗਰ ’ਚ ਨਵੇਂ ਸਿਰਿਓਂ ਪਾਬੰਦੀਆਂ ਲਾਗੂ

ਸ਼੍ਰੀਨਗਰ — ਸ਼ਹਿਰ ਦੇ ਕੁਝ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਨਵੇਂ ਸਿਰਿਓਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਇਹ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਸੌਰਾ ਥਾਣਾ ਖੇਤਰ ਦੇ ਤਹਿਤ ਆਉਣ ਵਾਲੇ ਅੰਚਰ ਇਲਾਕੇ ਅਤੇ ਨੌਹੱਟਾ ਥਾਣੇ ਅਧੀਨ ਆਉਂਦੀ ਇਤਿਹਾਸਕ ਜਾਮਾ ਮਸਜਿਦ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਲਾਈਆਂ ਗਈਆਂ ਹਨ।

ਅਧਿਕਾਰੀਆਂ ਨੇ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਇਸ ਖਦਸ਼ੇ ਦੇ ਆਧਾਰ ’ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਸਵਾਰਥੀ ਤੱਤ ਰੋਸ ਭੜਕਾਉਣ ਲਈ ਵੱਡੀਆਂ ਮਸਜਿਦਾਂ ਅਤੇ ਦਰਗਾਹਾਂ ਵਿਚ ਜਮ੍ਹਾ ਭੀੜ ਦਾ ਫਾਇਦਾ ਲੈ ਸਕਦੇ ਹਨ। ਜਾਮਾ ਮਸਜਿਦ ਵਿਚ ਪਿਛਲੇ ਦੋ ਮਹੀਨਿਆਂ ਤੋਂ ਜੁੰਮੇ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਇਸੇ ਦੌਰਾਨ ਸ਼ੁੱਕਰਵਾਰ ਨੂੰ ਲਗਾਤਾਰ 75ਵੇਂ ਦਿਨ ਘਾਟੀ ਵਿਚ ਆਮ ਜੀਵਨ ਪ੍ਰਭਾਵਿਤ ਰਿਹਾ। ਸਵੇਰੇ ਕੁਝ ਘੰਟਿਆਂ ਲਈ ਦੁਕਾਨਾਂ ਖੁੱਲ੍ਹੀਆਂ ਪਰ ਮੁੱਖ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਨਾਲ ਹੀ ਸ਼ਹਿਰ ਅਤੇ ਕਸ਼ਮੀਰ ਦੇ ਹੋਰਨਾਂ ਭਾਗਾਂ ਵਿਚ ਨਿੱਜੀ ਗੱਡੀਆਂ ਬਿਨਾਂ ਕਿਸੇ ਰੁਕਾਵਟ ਆਉਂਦੀਆਂ-ਜਾਂਦੀਆਂ ਰਹੀਆਂ।


author

Inder Prajapati

Content Editor

Related News