ਸ਼੍ਰੀਨਗਰ 'ਚ ਆਫਤ ਬਣੀ ਬਰਫਬਾਰੀ, ਹਵਾਈ ਆਵਾਜਾਈ ਵੀ ਪ੍ਰਭਾਵਿਤ
Thursday, Feb 07, 2019 - 03:04 PM (IST)

ਸ਼੍ਰੀਨਗਰ (ਵਾਰਤਾ)— ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ 'ਤੇ ਬਰਫਬਾਰੀ ਕਾਰਨ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਵੀ ਹਵਾਈ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਲਗਾਤਾਰ ਦੂਜੇ ਦਿਨ ਵੀ ਨਾ ਤਾਂ ਕੋਈ ਜਹਾਜ਼ ਲੈਂਡ ਹੋਇਆ ਅਤੇ ਨਾ ਹੀ ਕਿਸੇ ਜਹਾਜ਼ ਨੇ ਉਡਾਣ ਭਰੀ। ਉਨ੍ਹਾਂ ਨੇ ਦੱਸਿਆ ਕਿ ਰਨਵੇਅ ਬਰਫ ਨਾਲ ਭਰਿਆ ਹੋਇਆ ਹੈ, ਜਦੋਂ ਤਕ ਬਰਫਬਾਰੀ ਨਹੀਂ ਰੁਕੇਗੀ ਉਦੋਂ ਤਕ ਸਫਾਈ ਦਾ ਕੰਮ ਵੀ ਨਹੀਂ ਸ਼ੁਰੂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਦ੍ਰਿਸ਼ਟਤਾ (ਵਿਜ਼ੀਬਿਲਟੀ) ਵੀ ਬਹੁਤ ਖਰਾਬ ਹੈ, ਜਿਸ ਕਾਰਨ ਸਵੇਰੇ ਹਵਾਈ ਆਵਾਜਾਈ ਮੁਲਤਵੀ ਕਰਨੀ ਪਈ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਰੁੱਕ-ਰੁੱਕ ਕੇ ਬਰਫਬਾਰੀ ਕਾਰਨ ਇੱਥੇ ਨਾ ਤਾਂ ਕੋਈ ਜਹਾਜ਼ ਉਤਰਿਆ ਅਤੇ ਨਾ ਹੀ ਇੱਥੋਂ ਕਿਸੇ ਜਹਾਜ਼ ਨੇ ਉਡਾਣ ਭਰੀ। ਬਰਫਬਾਰੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਕਾਰੀ ਨੇ ਦੱਸਿਆ ਕਿ ਪਿਛਲੇ ਪੰਦਰਵਾੜੇ ਦੌਰਾਨ ਦੂਜੀ ਵਾਰ ਸ਼੍ਰੀਨਗਰ ਹਵਾਈ ਅੱਡੇ 'ਤੇ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੌਸਮ ਵਿਚ ਸੁਧਾਰ ਦੇ ਬਾਅਦ ਹੀ ਹਵਾਈ ਆਵਾਜਾਈ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦਰਮਿਆਨ ਜ਼ਮੀਨ ਖਿਸਕਣ, ਚੱਟਾਨਾਂ ਦੇ ਖਿਸਕਣ ਅਤੇ ਬਰਫਬਾਰੀ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਅੱਜ ਦੂਜੇ ਦਿਨ ਬੰਦ ਰਿਹਾ। ਓਧਰ ਲੋਕਾਂ ਨੇ ਦੋਸ਼ ਲਾਇਆ ਕਿ ਹਵਾਈ ਆਵਾਜਾਈ ਬੰਦ ਹੋਣ ਤੋਂ ਬਾਅਦ ਸਾਰੀਆਂ ਜਹਾਜ਼ ਕੰਪਨੀਆਂ ਆਪਣਾ ਕਿਰਾਇਆ ਵਧਾ ਰਹੀਆਂ ਹਨ। ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਜਹਾਜ਼ ਸੇਵਾ ਵਿਚ ਵਾਧੇ ਦਾ ਮੁੱਦਾ ਚੁੱਕਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਏਅਰਲਾਈਨਜ਼ ਵਲੋਂ ਦਿੱਲੀ ਤੋਂ ਸ਼੍ਰੀਨਗਰ ਤੱਕ 24,000 ਤੋਂ 28,000 ਰੁਪਏ ਦਾ ਕਿਰਾਇਆ ਲਿਆ ਜਾ ਰਿਹਾ ਹੈ।
ਰਾਜਪਾਲ ਦੇ ਸਲਾਹਕਾਰ ਖੁਰਸ਼ੀਦ ਅਹਿਮਦ ਗਨੀ ਨੇ ਵੀ ਸ਼੍ਰੀਨਗਰ ਵਿਚ ਤਾਇਨਾਤ ਵੱਖ-ਵੱਖ ਏਅਰਲਾਈਨਜ਼ ਦੇ ਪ੍ਰਤੀਨਿਧੀਆਂ ਨਾਲ ਜਹਾਜ਼ ਕਿਰਾਇਆ ਮੁੱਦਾ ਚੁੱਕਿਆ ਹੈ। ਫਿਲਹਾਲ ਸ਼੍ਰੀਨਗਰ ਨੂੰ ਖਰਾਬ ਮੌਸਮ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਦਿਖਾਈ ਦਿੰਦੇ, ਕਿਉਂਕਿ ਮੌਸਮ ਵਿਗਿਆਨੀਆਂ ਨੇ ਇੱਥੇ ਅਗਲੇ 24 ਘੰਟਿਆਂ ਦੌਰਾਨ ਬਾਰਸ਼ ਹੋਣ ਦਾ ਅਨੁਮਾਨ ਵੀ ਜ਼ਾਹਰ ਕੀਤਾ ਹੈ।