ਸ਼੍ਰੀਨਗਰ 'ਚ ਵੱਡੇ ਹਮਲੇ ਦੀ ਸਾਜਿਸ਼ ਅਸਫ਼ਲ, ਰਾਜਮਾਰਗ 'ਤੇ IED ਬਰਾਮਦ

Monday, Feb 22, 2021 - 02:43 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਪੰਥਾ ਚੌਕ-ਬਾਰਾਮੂਲਾ ਰਾਜਮਾਰਗ 'ਤੇ ਸੋਮਵਾਰ ਨੂੰ ਸ਼ਕਤੀਸ਼ਾਲੀ ਵਿਸਫਟੋਕ ਯੰਤਰ (ਆਈ.ਈ.ਡੀ.) ਬਰਾਮਦ ਕਰ ਕੇ ਵੱਡੇ ਹਮਲੇ ਦੀ ਸਾਜਿਸ਼ ਅਸਫ਼ਲ ਕਰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫ਼ੌਜ, ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੀ ਇਕ ਸੰਯੁਕਤ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) ਨੇ ਨਿਯਮਿਤ ਗਸ਼ਤ ਦੌਰਾਨ ਅੱਜ ਯਾਨੀ ਸੋਮਵਾਰ ਸਵੇਰੇ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਕਨਿਹਾਮਾ 'ਚ ਰਾਜਮਾਰਗ 'ਤੇ ਇਕ ਬੈਗ ਦੇਖਿਆ। ਉਨ੍ਹਾਂ ਦੱਸਿਆ ਕਿ ਚੌਕਸੀ ਵਜੋਂ ਰਾਜਮਾਰਗ 'ਤੇ ਪੰਥਾ ਚੌਕ ਤੋਂ ਨੌਗਾਮ ਵਿਚਾਲੇ ਆਵਾਜਾਈ ਰੋਕ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਤੁਰੰਤ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ, ਜਿਸ ਨੇ ਬੈਗ 'ਚੋਂ ਆਈ.ਈ.ਡੀ. ਬਰਾਮਦ ਕਰ ਕੇ ਉਸ ਨੂੰ ਕੋਲ ਦੇ ਖੁੱਲ੍ਹੇ ਮੈਦਾਨ 'ਚ ਨਕਾਰਾ ਕਰ ਦਿੱਤਾ। 

PunjabKesariਉਨ੍ਹਾਂ ਦੱਸਿਆ ਕਿ ਹੁਣ ਰਾਜਮਾਰਗ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਜੇਕਰ ਸਮੇਂ 'ਤੇ ਆਈ.ਈ.ਡੀ. ਦਾ ਪਤਾ ਨਹੀਂ ਲਗਾਇਆ ਜਾਂਦਾ ਤਾਂ ਜਾਨੀ-ਮਾਲੀ ਵੱਡਾ ਨੁਕਸਾਨ ਹੋ ਸਕਦਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨੌਗਾਮ ਰੇਲਵੇ ਸਟੇਸ਼ਨ ਅਤੇ ਰੇਲਵੇ ਟਰੈਕ ਉਸ ਖੇਤਰ ਤੋਂ ਬਹੁਤ ਦੂਰ ਸਨ, ਜਿੱਥੇ ਆਈ.ਈ.ਡੀ. ਦਾ ਪਤਾ ਲੱਗਾ ਸੀ। ਕੋਰੋਨਾ ਮਹਾਮਾਰੀ ਕਾਰਨ ਕਰੀਬ ਇਕ ਸਾਲ ਤੱਕ ਮੁਲਤਵੀ ਰਹਿਣ ਤੋਂ ਬਾਅਦ ਅੱਜ ਹੀ ਟਰੇਨ ਸੇਵਾ ਮੁੜ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਕਾਰਨ ਟਰੇਨਾਂ ਦੀ ਆਵਾਜਾਈ 'ਚ ਕੋਈ ਰੁਕਾਵਟ ਨਹੀਂ ਆਈ। ਚਸ਼ਮਦੀਦਾਂ ਨੇ ਦੱਸਿਆ ਕਿ ਰਾਜਮਾਰਗ 'ਤੇ ਪੰਥਾ ਚੌਕ ਅਤੇ ਨੌਗਾਮ ਤੋਂ ਆਵਾਜਾਈ ਮੁਲਤਵੀ ਕਰ ਦਿੱਤੀ ਸੀ ਹਾਲਾਂਕਿ ਨੌਗਾਮ ਤੋਂ ਹਵਾਈ ਅੱਡੇ ਅਤੇ ਉੱਤਰੀ ਜ਼ਿਲ੍ਹੇ ਲਈ ਆਵਾਜਾਈ ਜਾਰੀ ਰਹੀ।

PunjabKesari


DIsha

Content Editor

Related News