15 ਦਿਨ ਬਾਅਦ ਸ਼੍ਰੀਨਗਰ ਦੇ ਲਾਲ ਚੌਕ ਤੋਂ ਹਟਾਏ ਗਏ ਬੈਰੀਕੇਡ, ਸ਼ੁਰੂ ਹੋਈ ਆਵਾਜਾਈ
Tuesday, Aug 20, 2019 - 04:51 PM (IST)

ਸ਼੍ਰੀਨਗਰ— ਸ਼੍ਰੀਨਗਰ ਸ਼ਹਿਰ ਦੇ ਵਪਾਰਕ ਕੇਂਦਰ ਲਾਲ ਚੌਕ 'ਤੇ ਘੰਟਾਘਰ ਕੋਲ ਲੱਗੇ ਬੈਰੀਕੇਡ ਨੂੰ 15 ਦਿਨਾਂ ਬਾਅਦ ਮੰਗਲਵਾਰ ਨੂੰ ਹਟਾ ਲਿਆ ਗਿਆ। ਇਸ ਵਪਾਰਕ ਕੇਂਦਰ 'ਤੇ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਦੀ ਮਨਜ਼ੂਰੀ ਦਿੱਤੀ ਗਈ। ਕੁਝ ਇਲਾਕਿਆਂ 'ਚ ਪਾਬੰਦੀਆਂ 'ਚ ਛੋਟ ਦਿੱਤੀ ਗਈ, ਜਦੋਂ ਕਿ ਕੁਝ ਹੋਰ 'ਚ ਜਾਰੀ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਫਿਰ ਤੋਂ ਖੁੱਲ੍ਹੇ ਜ਼ਿਆਦਾਤਰ ਸਕੂਲਾਂ 'ਚ ਕੋਈ ਵਿਦਿਆਰਥੀ ਨਹੀਂ ਦਿੱਸਿਆ ਪਰ ਸਰਕਾਰੀ ਦਫ਼ਤਰਾਂ 'ਚ ਕਰਮਚਾਰੀਆਂ ਦੀ ਹਾਜ਼ਰੀ 'ਚ ਸੁਧਾਰ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਦੇ ਕੁਝ ਹਿੱਸਿਆਂ 'ਚ ਵਾਹਨਾਂ ਦੀ ਆਵਾਜਾਈ ਵਧੀ ਪਰ ਸ਼੍ਰੀਨਗਰ ਦੇ ਹੇਠਲੇ ਇਲਾਕਿਆਂ ਅਤੇ ਕਸ਼ਮੀਰ ਘਾਟੀ ਦੇ ਕਈ ਹਿੱਸਿਆਂ 'ਚ ਆਵਾਜਾਈ ਘੱਟ ਰਹੀ। ਉਨ੍ਹਾਂ ਨੇ ਦੱਸਿਆ ਕਿ ਕੁਝ ਥਾਂਵਾਂ 'ਤੇ ਪਾਬੰਦੀਆਂ ਨੂੰ ਹਟਾ ਲਿਆ ਗਿਆ। ਹਾਲਾਂਕਿ ਇਨ੍ਹਾਂ ਸਥਾਨਾਂ 'ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਬਣਾਏ ਰੱਖਣ ਲਈ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਜਾਰੀ ਹੈ।
ਘਾਟੀ 'ਚ ਬਾਜ਼ਾਰ ਬੰਦ ਰਹੇ, ਜਦੋਂ ਕਿ ਜਨਤਕ ਵਾਹਨ ਸੜਕ ਤੋਂ ਗਾਇਬ ਰਹੇ। ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਲਗਾਤਾਰ 16 ਦਿਨ ਰੁਕੀਆਂ ਰਹੀਆਂ, ਜਦੋਂ ਕਿ ਜ਼ਿਆਦਾਤਰ ਖੇਤਰਾਂ 'ਚ ਲੈਂਡਲਾਈਨ ਟੈਲੀਫੋਨ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ 5 ਅਗਸਤ ਨੂੰ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜ ਦੇਣ ਵਾਲੇ ਧਾਰਾ-370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਏ ਜਾਣ ਦੇ ਬਾਅਦ ਤੋਂ ਸਥਿਤੀ ਕੁੱਲ ਮਿਲਾ ਕੇ ਸ਼ਾਂਤੀਪੂਰਨ ਬਣੀ ਹੋਈ ਹੈ। ਘਾਟੀ ਦੇ ਕੁਝ ਹਿੱਸਿਆਂ 'ਚ ਨੌਜਵਾਨਾਂ ਦੇ ਸਮੂਹਾਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਝੜਪ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ।