ਕਸ਼ਮੀਰ ਵਾਦੀ ’ਚ ਠੰਢ ਦਾ ਕਹਿਰ ਵਧਿਆ, ਪਹਿਲਗਾਮ ’ਚ ਘੱਟੋ-ਘੱਟ -6.5 ਡਿਗਰੀ ਸੈਲਸੀਅਸ ਦਰਜ
Friday, Dec 06, 2024 - 08:14 PM (IST)
ਸ੍ਰੀਨਗਰ, (ਭਾਸ਼ਾ)– ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਠੰਢ ਵੱਧ ਗਈ ਅਤੇ ਇਥੇ ਘੱਟੋ-ਘੱਟ ਤਾਪਮਾਨ ਦੇ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਹੋਣ ਕਾਰਨ ਵਾਦੀ ਦੇ ਵਧੇਰੇ ਇਲਾਕਿਆਂ ਵਿਚ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਖੁਸ਼ਕ ਮੌਸਮ ਕਾਰਨ ਕਸ਼ਮੀਰ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ 1.2 ਤੋਂ 3.2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਸ੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਹੈ। ਕਾਜੀਗੁੰਡ ਵਿਚ ਵੀ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਅਤੇ ਇਹ ਮੌਸਮ ਦਾ ਸਭ ਤੋਂ ਘੱਟੋ-ਘੱਟ ਤਾਪਮਾਨ ਹੈ।
ਪ੍ਰਸਿੱਧ ਸੈਰ-ਸਪਾਟਾ ਵਾਲੀ ਜਗ੍ਹਾ ਅਤੇ ਸਾਲਾਨਾ ਅਮਰਨਾਥ ਯਾਤਰਾ ਦੇ ਆਧਾਰ ਕੈਂਪ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 6.5 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਮੌਸਮ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਅਧਿਕਾਰੀਆਂ ਮੁਤਾਬਕ ਪ੍ਰਸਿੱਧ ਸਕੀਅ ਰਿਜ਼ਾਰਟ ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦ ਕਿ ਕੁਪਵਾੜਾ ਵਿਚ ਤਾਪਮਾਨ ਜ਼ੀਰੋ ਤੋਂ 3.4 ਡਿਗਰੀ ਸੈਲਸੀਅਸ ਹੇਠਾਂ ਅਤੇ ਕੋਕੇਰਨਾਗ ਵਿਚ ਜ਼ੀਰੋ ਤੋਂ 2.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।