ਸ਼੍ਰੀਨਗਰ ਸੈਂਟਰਲ ਜੇਲ ''ਚ ਕੈਦੀਆਂ ਤੇ ਪੁਲਸ ਕਰਮਚਾਰੀਆਂ ਦਰਮਿਆਨ ਝੜਪ
Friday, Apr 05, 2019 - 04:42 PM (IST)
ਸ਼੍ਰੀਨਗਰ— ਸ਼੍ਰੀਨਗਰ ਸੈਂਟਰਲ ਜੇਲ 'ਚ ਬੈਰਕ ਬਦਲਣ ਤੋਂ ਨਾਰਾਜ਼ ਕੁਝ ਕੈਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਅਤੇ ਜੇਲ ਕਰਮਚਾਰੀਆਂ ਦਰਮਿਆਨ ਕੁੱਟਮਾਰ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਂਟਰਲ ਜੇਲ 'ਚ ਵੀਰਵਾਰ ਰਾਤ ਨੂੰ ਸਮੱਸਿਆ ਉਸ ਸਮੇਂ ਸ਼ੁਰੂ ਹੋਈ ਜਦੋਂ ਕੈਦੀਆਂ ਨੇ ਉਨ੍ਹਾਂ ਦੇ ਬੈਰਕਾਂ 'ਚੋਂ ਕੱਢ ਕੇ ਦੂਜੀ ਜਗ੍ਹਾ ਲਿਜਾਉਣ ਦੇ ਜੇਲ ਅਧਿਕਾਰੀਆਂ ਦੇ ਫੈਸਲੇ ਦਾ ਵਿਰੋਧ ਕੀਤਾ। ਇਨ੍ਹਾਂ ਬੈਰਕਾਂ ਦੀ ਮੁਰੰਮਤ ਕੀਤੀ ਜਾਣੀ ਸੀ, ਇਸ ਲਈ ਉੱਥੇ ਰੱਖੇ ਗਏ ਕੈਦੀਆਂ ਨੂੰ ਦੂਜੀ ਜਗ੍ਹਾ ਟਰਾਂਸਫਰ ਕੀਤਾ ਜਾਣਾ ਸੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੂੰ ਲੱਗਾ ਕਿ ਉਨ੍ਹਾਂ ਨੂੰ ਘਾਟੀ ਦੇ ਬਾਹਰ ਬਣੀਆਂ ਜੇਲਾਂ 'ਚ ਭੇਜਿਆ ਜਾਵੇਗਾ। ਇਸ ਤੋਂ ਗੁੱਸਾਏ ਕੈਦੀਆਂ ਨੇ ਗੈਸ ਸਿਲੰਡਰਾਂ 'ਚ ਅੱਗ ਲੱਗਾ ਦਿੱਤੀ ਅਤੇ ਜੇਲ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਹੰਗਾਮਾ ਕੀਤਾ। ਉਨ੍ਹਾਂ ਨੇ ਘੱਟੋ-ਘੱਟ 2 ਬੈਰਕਾਂ ਅਤੇ ਰਸੋਈ 'ਚ ਅੱਗ ਲੱਗਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸੀਨੀਅਰ ਅਧਿਕਾਰੀ ਹਾਲਤ 'ਤੇ ਨਜ਼ਰ ਬਣਾਏ ਹੋਏ ਹਨ। ਇਸ ਦੌਰਾਨ, ਚੌਕਸੀ ਉਪਾਅ ਦੇ ਅਧੀਨ ਸ਼੍ਰੀਨਗਰ ਸ਼ਹਿਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀ ਗਈ ਹੈ, ਜਦੋਂ ਕਿ ਦੱਖਣੀ ਕਸ਼ਮੀਰ 'ਚ ਇਸ ਦੀ ਸਪੀਡ ਘੱਟ ਕਰ ਦਿੱਤੀ ਗਈ ਹੈ। ਨਾਲ ਹੀ ਪੁਰਾਣੇ ਸ਼ਹਿਰ ਦੇ ਇਲਾਕੇ 'ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
