ਸਲਾਹੂਦੀਨ ਦਾ ਵੱਡਾ ਪੁੱਤਰ ਸ਼ਕੀਲ ਗ੍ਰਿਫਤਾਰ

Friday, Aug 31, 2018 - 09:11 AM (IST)

ਸਲਾਹੂਦੀਨ ਦਾ ਵੱਡਾ ਪੁੱਤਰ ਸ਼ਕੀਲ ਗ੍ਰਿਫਤਾਰ

ਸ਼੍ਰੀਨਗਰ —ਟੈਰਰ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਸਵੇਰੇ ਇਥੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਵੱਡੇ ਪੁੱਤਰ ਸਈਦ ਸ਼ਕੀਲ ਅਹਿਮਦ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਸੂਤਰਾਂ ਮੁਤਾਬਕ ਐੱਨ. ਆਈ. ਏ. ਨੇ ਉਸ ਦੇ ਘਰ ਪਹਿਲਾਂ ਛਾਪਾ ਮਾਰਿਆ ਅਤੇ ਕਈ ਹੈਰਾਨ ਕਰ ਦੇਣ ਵਾਲੇ ਦਸਤਾਵੇਜ਼ ਬਰਾਮਦ ਕੀਤੇ। ਉਸ ਤੋਂ ਬਾਅਦ ਸਈਦ ਸ਼ਕੀਲ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ। ਐੱਨ. ਆਈ. ਏ. ਨੇ ਆਪਣੀ ਗੱਲ ਰੱਖਣ ਲਈ ਸ਼ਕੀਲ ਨੂੰ 3-4 ਵਾਰ ਮੌਕਾ ਦਿੱਤਾ ਪਰ ਉਸ ਨੇ 2011 ਦੇ ਟੈਰਰ ਫੰਡਿੰਗ ਕੇਸ ਸਬੰਧੀ ਕੋਈ ਵੀ ਜਾਣਕਾਰੀ ਜਾਂਚ ਏਜੰਸੀ ਨੂੰ ਨਹੀਂ ਦਿੱਤੀ।
ਪਤਾ ਲੱਗਾ ਹੈ ਕਿ ਐੱਨ.ਆਈ. ਏ.  ਨੂੰ  ਮਨੀ ਟਰਾਂਜ਼ੈਕਸ਼ਨ ਅਤੇ ਵਿਦੇਸ਼ਾਂ ਵਿਚ ਸਈਦ ਸਲਾਹੂਦੀਨ ਦੇ ਪੁੱਤਰਾਂ ਦੇ ਖਾਤਿਆਂ ਸਬੰਧੀ ਜਾਣਕਾਰੀ ਮਿਲੀ ਹੈ। ਸਲਾਹੂਦੀਨ ਦੇ ਇਕ ਪੁੱਤਰ ਸ਼ਾਹਿਦ ਯੂਸਫ ਨੂੰ ਅੱਤਵਾਦੀ ਸੰਗਠਨਾਂ ਨੂੰ ਫੰਡ ਦੇਣ ਦੇ ਦੋਸ਼ ਹੇਠ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਰਹਿ ਰਹੇ ਆਪਣੇ ਪਿਤਾ ਸਈਦ ਸਲਾਹੂਦੀਨ ਕੋਲੋਂ ਅੱਤਵਾਦੀ ਸਰਗਰਮੀਆਂ ਚਲਾਉਣ ਲਈ ਕਥਿਤ ਤੌਰ 'ਤੇ ਪੈਸੇ ਲਏ ਸਨ।


Related News