ਤਿਰੂਪਤੀ ਬਾਲਾਜੀ ਮੰਦਰ ’ਚ ਭਗਤ ਨੇ ਚੜ੍ਹਾਏ ਸੋਨੇ ਅਤੇ ਹੀਰਿਆਂ ਨਾਲ ਜੜੇ੍ਹ ਦਸਤਾਨੇ
Saturday, Dec 11, 2021 - 05:35 PM (IST)
ਤਿਰੂਪਤੀ— ਆਂਧਰਾ ਪ੍ਰਦੇਸ਼ ਦੇ ਇਕ ਭਗਤ ਵਲੋਂ ਤਿਰੂਮਾਲਾ ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਨੂੰ ਸੋਨੇ ਅਤੇ ਹੀਰੇ ਜੜ੍ਹੇ ‘ਵਰਦਾ-ਕਟੀ ਹਸਤ’ ਦੀ ਇਕ ਜੋੜੀ ਦਾਨ ਕੀਤੀ ਹੈ। ਇਸ ਹਸਤ ਗਹਿਣਿਆਂ ਦਾ ਵਜ਼ਨ ਕਰੀਬ 5.3 ਕਿਲੋਗ੍ਰਾਮ ਹੈ। ਇਸ ਦੀ ਕੀਮਤ ਲੱਗਭਗ 3 ਕਰੋੜ ਰੁਪਏ ਹੈ।
ਤਿਰੂਮਲਾ ਦੇ ਪ੍ਰਾਚੀਨ ਪਹਾੜੀ ਮੰਦਰ ਵਿਚ ਪੀਠਾਸੀਨ ਦੇਵਤਾ ਵੈਂਕਟੇਸ਼ਵਰ ਦੀਆਂ ਵੱਡੀਆਂ ਹਥੇਲੀਆਂ ਨੂੰ ਸਜਾਉਣ ਲਈ ਇਸ ਭਗਤ ਨੇ ਹੀਰਿਆਂ ਨਾਲ ਜੜ੍ਹੇ ਸੋਨੇ ਦੇ ਦਸਤਾਨੇ ਭੇਟ ਕੀਤੇ। ਦੱਸਿਆ ਜਾ ਰਿਹਾ ਹੈ ਕਿ ਆਪਣੀ ਮੰਨਤ ਪੂਰੀ ਹੋਣ ’ਤੇ ਇਹ ਦਸਤਾਨੇ ਦਾਨ ਕੀਤੇ, ਜਿਸ ਦਾ ਭਾਰ ਕਰੀਬ 5.3 ਕਿਲੋਗ੍ਰਾਮ ਹੈ। ਤਿਰੂਮਲਾ ਵਿਚ ਰਹਿਣ ਵਾਲੇ ਇਕ ਪਰਿਵਾਰ ਨੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ ਵਧੀਕ ਕਾਰਜਕਾਰੀ ਅਧਿਕਾਰੀ ਏ. ਵੈਂਕਟ ਧਰਮਾ ਰੈੱਡੀ ਨੂੰ ਇਹ ਦਸਤਾਨੇ ਸੌਂਪੇ ਹਨ।
ਦੱਸ ਦੇਈਏ ਕਿ ਤਿਰੂਮਲਾ ਵੈਂਕਟੇਸ਼ਵਰ ਯਾਨੀ ਤਿਰੂਪਤੀ ਬਾਲਾਜੀ ਮੰਦਰ ਆਂਧਰਾ ਪ੍ਰਦੇਸ਼ ਦੇ ਤਿਰੂਮਲਾ ਦੀਆਂ ਪਹਾੜੀਆਂ ’ਤੇ ਸਥਿਤ ਹੈ। ਤਿਰੂਪਤੀ ਬਾਲਾਜੀ ਦਾ ਅਸਲੀ ਨਾਂ ਸ਼੍ਰੀ ਵੈਂਕਟੇਸ਼ਵਰ ਸਵਾਮੀ ਹੈ, ਜੋ ਖ਼ੁਦ ਭਗਵਾਨ ਵਿਸ਼ਨੂੰ ਹਨ। ਧਾਰਮਿਕ ਮਾਨਤਾਵਾਂ ਮੁਤਾਬਕ ਭਗਵਾਨ ਸ਼੍ਰੀ ਵੈਂਕਟੇਸ਼ਵਰ ਆਪਣੀ ਪਤਨੀ ਪਦਮਾਵਤੀ ਨਾਲ ਤਿਰੂਮਲਾ ਵਿਚ ਨਿਵਾਸ ਕਰਦੇ ਹਨ। ਸਮੁੰਦਰ ਤਲ ਤੋਂ 3,200 ਫੁੱਟ ਉੱਚਾਈ ’ਤੇ ਸਥਿਤ ਤਿਰੂਮਲਾ ਦੀਆਂ ਪਹਾੜੀਆਂ ’ਤੇ ਬਣਿਆ ਸ਼੍ਰੀ ਵੈਂਕਟੇਸ਼ਵਰ ਮੰਦਰ ਇੱਥੋਂ ਦਾ ਸਭ ਤੋਂ ਵੱਡਾ ਆਕਰਸ਼ਣ ਦਾ ਕੇਂਦਰ ਹੈ।