ਸ਼੍ਰੀਲੰਕਾ ਦੀ ਜਲ ਸੈਨਾ ਨੇ 6 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Tuesday, Jul 12, 2022 - 01:22 PM (IST)
ਪੁਡੁਕੋਟਈ (ਵਾਰਤਾ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਆਪਣੀ ਸਮੁੰਦਰੀ ਹੱਦ 'ਚ ਮੱਛੀ ਫੜਨ ਦਾ ਦੋਸ਼ ਲਗਾ ਕੇ ਸੋਮਵਾਰ ਦੇਰ ਰਾਤ 6 ਭਾਰਤੀ ਮਛੇਰੇ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਜ਼ਬਤ ਕਰ ਲਈਆਂ। ਤਾਮਿਲਨਾਡੂ ਦੇ ਮੱਛੀ ਪਾਲਣ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਦੇ ਮਇਲਾਦੁਥੁਰਾਈ ਜ਼ਿਲ੍ਹੇ ਦੇ ਵਨਾਗਿਰੀ ਵਾਸੀ ਮਛੇਰਿਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਕੋਵਿਲਨ ਲਾਈਟਹਾਊਸ ਤੋਂ ਸ਼੍ਰੀਲੰਕਾਈ ਸਮੁੰਦਰੀ ਖੇਤਰ ਦੇ ਕਿਨਾਰੇ ਮੱਛੀ ਫੜ ਰਹੇ ਸਨ।
ਗ੍ਰਿਫ਼ਤਾਰ ਮਛੇਰਿਆਂ ਨੂੰ ਕਿਸ਼ਤੀ ਨਾਲ ਕੰਕਾਸੰਤੁਰਈ ਬੰਦਰਗਾਹ ਲਿਜਾਇਆ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਲਈ ਜਾਫਨਾ ਦੇ ਮੱਛੀ ਵਿਭਾਗ ਦੇ ਅਧਿਾਕਰੀਆਂ ਹਵਾਲੇ ਕਰ ਦਿੱਤਾ ਗਿਆ। ਗ੍ਰਿਫ਼ਤਾਰ ਮਛੇਰਿਆਂ ਦੀ ਪਛਾਣ ਐੱਮ. ਸੁਰੇਸ਼ (47), ਆਈ. ਸੁੰਦਰਮ (47), ਪੀ. ਦੇਵਰਾਜ (35), ਕੇ. ਤਿਰੁਮਣੀ (31), ਆਈ ਵੇਲਮੁਰੂਗਨ (29) ਅਤੇ ਕੇ. ਕਾਰਤਿਕ (24) ਵਜੋਂ ਹੋਈ ਹੈ। ਇਹ ਸਾਰੇ ਮਛੇਰੇ ਸੋਮਵਾਰ ਸਵੇਰੇ ਮਇਲਾਦੁਥੁਰਾਈ ਜ਼ਿਲ੍ਹੇ 'ਚ ਜੇਗਧਾਪਟਿਨ ਮੱਛੀ ਫੜਨ ਵਾਲੀ ਕਿਸ਼ਤੀ ਨਾਲ ਸਮੁੰਦਰ 'ਚ ਗਏ ਸਨ। ਸ਼੍ਰੀਲੰਕਾਈ ਫ਼ੌਜ ਨੇ ਕੌਮਾਂਤਰੀ ਸਮੁੰਦਰੀ ਹੱਦ ਰੇਖਾ ਕਰੀਬ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦਾ ਪਿੱਛਾ ਕੀਤਾ ਅਤੇ 6 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।