ਮਹਿਲਾ ਟੀਚਰਾਂ ਦੇ ਟਾਇਲਟ ’ਚੋਂ ਮਿਲਿਆ ‘ਸਪਾਈ ਕੈਮਰਾ’, ਡਾਇਰੈਕਟਰ ਗ੍ਰਿਫਤਾਰ
Wednesday, Dec 18, 2024 - 10:02 PM (IST)
ਨੋਇਡਾ (ਇੰਟ.) : ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਫੇਜ਼-3 ਥਾਣਾ ਖੇਤਰ ’ਚ ਸਥਿਤ ‘ਪਲੇਅ ਸਕੂਲ’ ਦੇ ਟਾਇਲਟ ’ਚ ਲੱਗੇ ਬਲਬ ਹੋਲਡਰ ’ਚ ‘ਸਪਾਈ ਕੈਮਰਾ’ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਸਕੂਲ ਦੇ ਡਾਇਰੈਕਟਰ ਨਵਨੀਸ਼ ਸਹਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸੇ ਨੇ ‘ਸਪਾਈ ਕੈਮਰਾ’ ਆਨਲਾਈਨ ਮੰਗਵਾਇਆ ਸੀ। ‘ਪਲੇਅ ਸਕੂਲ’ ਦੀ ਇਕ ਅਧਿਆਪਕਾ ਨੇ ਪੁਲਸ ਨੂੰ ਦੱਸਿਆ ਕਿ ਉਹ 10 ਦਸੰਬਰ ਨੂੰ ਸਕੂਲ ਵਿਚ ਟਾਇਲਟ ਗਈ ਸੀ। ਇਸ ਦੌਰਾਨ ਉਸ ਦੀ ਨਜ਼ਰ ਬਲਬ ਹੋਲਡਰ ’ਤੇ ਪਈ। ਜਦੋਂ ਉਸਨੇ ਉਥੋਂ ਰੋਸ਼ਨੀ ਆਉਂਦੀ ਦੇਖੀ ਤਾਂ ਉਸ ਨੂੰ ਸ਼ੱਕ ਹੋਇਆ। ਉਸ ਨੇ ਸਕੂਲ ਦੇ ਗਾਰਡ ਨੂੰ ਬੁਲਾ ਕੇ ਇਸ ਦੀ ਜਾਂਚ ਕਰਵਾਈ ਤਾਂ ਉਸ ਵਿਚ ‘ਸਪਾਈ ਕੈਮਰਾ’ ਲਗਾ ਹੋਇਆ ਮਿਲਿਆ।
ਉਸਨੇ ਇਸ ਦੀ ਸੂਚਨਾ ਸਕੂਲ ਦੇ ਡਾਇਰੈਕਟਰ ਨਵਨੀਸ਼ ਸਹਾਏ ਨੂੰ ਦਿੱਤੀ। ਦੋਸ਼ ਹੈ ਕਿ ਉਸ ਨੇ ਇਸ ’ਤੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਕੋਈ ਜਵਾਬ ਦਿੱਤਾ। ਫਿਲਹਾਲ ਪੁਲਸ ਸੁਰੱਖਿਆ ਗਾਰਡ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।