ਸਪੋਰਟਸ ਫੈਕਟਰੀ ਦੇ ਮਾਲਕ ਨੇ ਕੀਤੀ ਖੁਦਕੁਸ਼ੀ
Friday, Aug 11, 2017 - 01:01 PM (IST)
ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ 'ਚ ਇਕ ਕਾਰੋਬਾਰੀ ਨੇ ਕਥਿਤ ਤੌਰ 'ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜ਼ਿਲਾ ਪੁਲਸ ਬੁਲਾਰੇ ਨੇ ਦੱਸਿਆ ਕਿ ਥਾਣਾ ਸਦਰ ਬਾਜ਼ਾਰ ਖੇਤਰ ਦੇ ਦਾਲਮੰਡੀ ਵਾਸੀ ਰਜਨੀਸ਼ ਸਖੂਜਾ (40) ਦੀ ਪਰਤਾਪੁਰ 'ਚ ਸਪੋਰਟਸ ਫੈਕਟਰੀ ਅਤੇ ਸ਼ਹਿਰ ਦੇ ਬੱਚਾ ਪਾਰਕ ਸਥਿਤ ਤਿਰੂਪਤੀ ਪਲਾਜ਼ਾ 'ਚ ਤੀਜੀ ਮੰਜ਼ਲ 'ਤੇ 'ਜੀ.ਐੱਸ.ਏ.' ਨਾਂ ਨਾਲ ਸਪੋਰਟਸ ਦਫ਼ਤਰ ਹੈ। ਬੁਲਾਰੇ ਅਨੁਸਾਰ ਵੀਰਵਾਰ ਨੂੰ ਦੇਰ ਰਾਤ ਤੱਕ ਜਦੋਂ ਰਜਨੀਸ਼ ਘਰ ਨਹੀਂ ਆਇਆ ਤਾਂ ਪਤਨੀ ਅਤੇ ਉਸ ਦੇ ਇਕ ਦੋਸਤ ਨੇ ਉਸ ਨੂੰ ਕਈ ਵਾਰ ਫੋਨ ਕੀਤਾ। ਫੋਨ ਨਾ ਚੁੱਕਣ 'ਤੇ ਉਸਨੇ ਫੈਕਟਰੀ ਮੈਨੇਜਰ ਨੂੰ ਫੋਨ ਕੀਤਾ।
ਇਸ ਤੋਂ ਬਾਅਦ ਮੈਨੇਜਰ ਨੇ ਇਕ ਵਿਅਕਤੀ ਨੂੰ ਦਫ਼ਤਰ ਭੇਜਿਆ, ਜਿੱਥੇ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ। ਕਈ ਵਾਰ ਖੜਕਾਉਣ 'ਤੇ ਵੀ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਰਵਾਜ਼ਾ ਤੋੜ ਕੇ ਜਦੋਂ ਉਹ ਅੰਦਰ ਗਏ ਤਾਂ ਰਜਨੀਸ਼ ਦਫ਼ਤਰ 'ਚ ਟੇਬਲ ਕੋਲ ਖੂਨ ਨਾਲ ਲੱਥਪੱਥ ਪਿਆ ਸੀ ਅਤੇ ਕੋਲ ਹੀ ਉਸ ਦੀ ਲਾਇਸੈਂਸੀ ਬੰਦੂਕ ਪਈ ਸੀ। ਉਸ ਨੂੰ ਤੁਰੰਤ ਹੀ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਬੁਲਾਰੇ ਅਨੁਸਾਰ ਸ਼ੁਰੂਆਤੀ ਜਾਂਚ 'ਚ ਇਹ ਖੁਦਕੁਸ਼ੀ ਦਾ ਮਾਮਲਾ ਪ੍ਰਤੀਤ ਹੁੰਦਾ ਹੈ। ਰਜਨੀਸ਼ ਨੇ ਘਟਨਾ ਤੋਂ ਪਹਿਲਾਂ ਆਪਣੇ ਦੋਸਤ ਨੂੰ ਈ-ਮੇਲ 'ਤੇ ਇਕ ਸੁਸਾਈਡ ਨੋਟ ਲਿਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਲੈੱਪਟਾਪ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਜਾਂਚ ਕਰ ਰਹੀ ਹੈ।
